ਵਾਸਿ਼ੰਗਟਨ, 1 ਦਸੰਬਰ (ਪੋਸਟ ਬਿਊਰੋ): ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਪੋਸਟ ਕਰਦੇ ਹੋਏ ਬ੍ਰਿਕਸ ਦੇਸ਼ਾਂ 'ਤੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਅਮਰੀਕੀ ਡਾਲਰ ਤੋਂ ਇਲਾਵਾ ਕਿਸੇ ਵੀ ਕਰੰਸੀ ਵਿੱਚ ਵਪਾਰ ਕਰਨ ਵਾਲੇ ਬ੍ਰਿਕਸ ਦੇਸ਼ਾਂ 'ਤੇ 100 ਫੀਸਦੀ ਟੈਰਿਫ ਲਗਾਉਣ ਦੀ ਗੱਲ ਕੀਤੀ ਹੈ।
ਟਰੰਪ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਨੂੰ ਬ੍ਰਿਕਸ ਦੇਸ਼ਾਂ ਤੋਂ ਇਸ ਗੱਲ ਦੀ ਗਾਰੰਟੀ ਚਾਹੀਦੀ ਹੈ ਕਿ ਉਹ ਵਪਾਰ ਲਈ ਅਮਰੀਕੀ ਡਾਲਰ ਦੀ ਜਗ੍ਹਾ ਕੋਈ ਨਵੀਂ ਕਰੰਸੀ ਨਹੀਂ ਬਣਾਉਣਗੇ ਅਤੇ ਨਾ ਹੀ ਕਿਸੇ ਹੋਰ ਦੇਸ਼ ਦੀ ਕਰੰਸੀ 'ਚ ਵਪਾਰ ਕਰਨਗੇ। ਜੇਕਰ ਬ੍ਰਿਕਸ ਦੇਸ਼ ਅਜਿਹਾ ਕਰਦੇ ਹਨ, ਤਾਂ ਉਨ੍ਹਾਂ ਨੂੰ ਅਮਰੀਕਾ ਨੂੰ ਆਪਣੇ ਨਿਰਯਾਤ 'ਤੇ 100 ਫੀਸਦੀ ਟੈਰਿਫ ਦਾ ਸਾਹਮਣਾ ਕਰਨਾ ਪਵੇਗਾ।
ਨਾਲ ਹੀ, ਕਿਸੇ ਨੂੰ ਅਮਰੀਕੀ ਬਾਜ਼ਾਰ ਵਿਚ ਚੀਜ਼ਾਂ ਵੇਚਣ ਬਾਰੇ ਭੁੱਲ ਜਾਣਾ ਚਾਹੀਦਾ ਹੈ। ਟਰੰਪ ਨੇ ਕਿਹਾ ਕਿ ਵਪਾਰ ਲਈ ਡਾਲਰ ਦੀ ਬਜਾਏ ਹੋਰ ਕਰੰਸੀ ਦੀ ਵਰਤੋਂ ਕਰਨ ਦੀ ਕੋਈ ਥਾਂ ਨਹੀਂ ਹੈ। ਜੇਕਰ ਕੋਈ ਦੇਸ਼ ਅਜਿਹਾ ਕਰਦਾ ਹੈ ਤਾਂ ਉਸ ਨੂੰ ਅਮਰੀਕਾ ਨੂੰ ਭੁੱਲ ਜਾਣਾ ਚਾਹੀਦਾ ਹੈ।
ਬ੍ਰਿਕਸ ਵਿੱਚ ਭਾਰਤ, ਰੂਸ ਅਤੇ ਚੀਨ ਸਮੇਤ 9 ਦੇਸ਼ ਸ਼ਾਮਿਲ ਹਨ। ਇਹ ਉਭਰਦੀਆਂ ਅਰਥਵਿਵਸਥਾਵਾਂ ਵਾਲੇ ਦੇਸ਼ਾਂ ਦਾ ਸਮੂਹ ਹੈ।