ਵਾਸਿ਼ੰਗਟਨ, 3 ਦਸੰਬਰ (ਪੋਸਟ ਬਿਊਰੋ): ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮਾਸ ਨੂੰ ਧਮਕੀ ਦਿੱਤੀ ਹੈ। ਦਿ ਟਾਈਮਜ਼ ਆਫ਼ ਇਜ਼ਰਾਈਲ ਅਨੁਸਾਰ, ਉਨ੍ਹਾਂਨੇ ਇਜ਼ਰਾਈਲੀ ਬੰਧਕਾਂ ਦੀ ਤੁਰੰਤ ਰਿਹਾਈ ਲਈ ਕਿਹਾ ਹੈ। ਟਰੰਪ ਨੇ ਕਿਹਾ ਕਿ ਜੇਕਰ 20 ਜਨਵਰੀ ਤੱਕ ਬੰਧਕਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਟਰੰਪ ਦਾ ਇਹ ਬਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨਾਲ ਮੁਲਾਕਾਤ ਤੋਂ ਬਾਅਦ ਆਇਆ ਹੈ। ਸਾਰਾ ਨੇ ਐਤਵਾਰ ਨੂੰ ਫਲੋਰੀਡਾ ਦੇ ਟਰੰਪ ਇੰਟਰਨੈਸ਼ਨਲ ਗੋਲਫ ਕੋਰਸ 'ਚ ਟਰੰਪ ਨਾਲ ਮੁਲਾਕਾਤ ਕੀਤੀ। ਦੋਨਾਂ ਨੇ ਇਕੱਠੇ ਡਿਨਰ ਵੀ ਕੀਤਾ। ਇਸ ਦੌਰਾਨ ਸਾਰਾ ਨੇ ਟਰੰਪ ਨਾਲ ਗਾਜ਼ਾ ਯੁੱਧ ਅਤੇ ਬੰਧਕਾਂ ਦੀ ਰਿਹਾਈ ਬਾਰੇ ਗੱਲ ਕੀਤੀ।
7 ਅਕਤੂਬਰ, 2023 ਨੂੰ, ਹਮਾਸ ਨੇ ਇਜ਼ਰਾਈਲ 'ਤੇ ਹਮਲਾ ਕੀਤਾ, ਜਿਸ ਵਿਚ 1208 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ। ਹਮਾਸ ਨੇ 251 ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਸੀ। ਇਨ੍ਹਾਂ ਬੰਧਕਾਂ ਵਿੱਚੋਂ ਕੁਝ ਦੀ ਮੌਤ ਹੋ ਚੁੱਕੀ ਹੈ। 97 ਬੰਧਕ ਹਾਲੇ ਵੀ ਹਮਾਸ ਕੋਲ ਹਨ। ਇਜ਼ਰਾਇਲੀ ਫੌਜ ਮੁਤਾਬਕ ਇਨ੍ਹਾਂ ਬੰਧਕਾਂ 'ਚੋਂ 35 ਦੀ ਵੀ ਮੌਤ ਹੋ ਗਈ ਹੈ।
ਟਰੰਪ ਇਸ ਹਫਤੇ ਦੇ ਅੰਤ ਵਿਚ ਪੈਰਿਸ ਜਾਣ ਦੀ ਯੋਜਨਾ ਬਣਾ ਰਹੇ ਹਨ। ਉੱਥੇ ਉਹ 7 ਦਸੰਬਰ ਨੂੰ ਨੋਟਰੇ ਡੇਮ ਕੈਥੇਡ੍ਰਲ ਚਰਚ ਦੇ ਮੁੜ ਉਦਘਾਟਨ ਸਮਾਰੋਹ ਵਿੱਚ ਹਿੱਸਾ ਲੈਣਗੇ। ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਟਰੰਪ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ।
ਫਰਾਂਸ ਸਰਕਾਰ ਨੇ ਟਰੰਪ ਨੂੰ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਸੀ। ਸੀਐੱਨਐੱਨ ਦੀ ਰਿਪੋਰਟ ਮੁਤਾਬਕ ਟਰੰਪ ਦੀ ਟੀਮ ਇਸ ਯਾਤਰਾ ਨੂੰ ਲੈ ਕੇ ਕਈ ਦਿਨਾਂ ਤੋਂ ਫਰਾਂਸੀਸੀ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਸੀ।