ਤਲਅਵੀਵ, 3 ਦਸੰਬਰ (ਪੋਸਟ ਬਿਊਰੋ): ਇਜ਼ਰਾਈਲ 'ਚ ਮਸਜਿਦਾਂ 'ਚ ਸਪੀਕਰਾਂ 'ਤੇ ਅਜ਼ਾਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਰੱਖਿਆ ਮੰਤਰੀ ਇਤਾਮਾਰ ਬੇਨ ਗਵੀਰ ਨੇ ਪੁਲਿਸ ਨੂੰ ਮਸਜਿਦਾਂ ਵਿੱਚ ਲਗਾਏ ਸਪੀਕਰਾਂ ਨੂੰ ਜ਼ਬਤ ਕਰਨ ਅਤੇ ਸ਼ੋਰ ਪਾਉਣ 'ਤੇ ਜੁਰਮਾਨਾ ਲਗਾਉਣ ਦੇ ਹੁਕਮ ਦਿੱਤੇ ਹਨ।
ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਪੂਰਬੀ ਯੇਰੂਸ਼ਲਮ ਅਤੇ ਹੋਰ ਕਈ ਇਲਾਕਿਆਂ ਦੀਆਂ ਮਸਜਿ਼ਦਾਂ ਤੋਂ ਉੱਚੀ ਆਵਾਜ਼ ਆਉਣ ਦੀਆਂ ਸਿ਼ਕਾਇਤਾਂ ਮਿਲੀਆਂ ਹਨ।
ਸਪੀਕਰ 'ਤੇ ਪਾਬੰਦੀ ਦੀ ਮੰਗ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਦੀ ਉੱਚੀ ਆਵਾਜ਼ ਸਵੇਰ ਦੀ ਨੀਂਦ ਵਿਚ ਵਿਘਨ ਪਾਉਂਦੀ ਹੈ। ਬੈਨ ਗਵੀਰ ਨੇ ਪੁਲਿਸ ਕਮਾਂਡਰਾਂ ਨੂੰ ਕਿਹਾ ਕਿ ਉਹ ਜਲਦੀ ਹੀ ਇੱਕ ਬਿੱਲ ਪੇਸ਼ ਕਰਨਗੇ ਜੋ ਸ਼ੋਰ ਪਾਉਣ ਵਾਲੀਆਂ ਮਸਜਿਦਾਂ 'ਤੇ ਜੁਰਮਾਨੇ ਨੂੰ ਵਧਾਏਗਾ।
ਇਸ ਫੈਸਲੇ ਖਿਲਾਫ ਇਜ਼ਰਾਈਲ ਵਿੱਚ ਹੀ ਵਿਰੋਧ ਦੀ ਆਵਾਜ਼ ਉਠਣੀ ਸ਼ੁਰੂ ਹੋ ਗਈ ਹੈ। ਕੁਝ ਸ਼ਹਿਰਾਂ ਦੇ ਮੇਅਰਾਂ ਨੇ ਕਿਹਾ ਕਿ ਅਸੀਂ ਬੇਨ ਗਵੀਰ ਦੇ ਇਸ ਕਦਮ ਨੂੰ ਮੁਸਲਮਾਨਾਂ ਦੇ ਖਿਲਾਫ ਭੜਕਾਹਟ ਦੇ ਤੌਰ 'ਤੇ ਦੇਖਦੇ ਹਾਂ, ਇਸ ਨਾਲ ਦੰਗੇ ਫੈਲ ਸਕਦੇ ਹਨ।
ਇਜ਼ਰਾਈਲ ਵਿੱਚ ਯਹੂਦੀਆਂ ਅਤੇ ਅਰਬਾਂ ਵਿਚਕਾਰ ਸਹਿਯੋਗ ਵਧਾਉਣ ਲਈ ਕੰਮ ਕਰਨ ਵਾਲੀ ਅਬ੍ਰਾਹਮ ਇਨੀਸ਼ੀਏਟਿਵ ਆਰਗੇਨਾਈਜ਼ੇਸ਼ਨ ਨੇ ਵੀ ਇਸ ਦਾ ਵਿਰੋਧ ਕੀਤਾ। ਸੰਗਠਨ ਨੇ ਕਿਹਾ ਕਿ ਇਹ ਪੁਲਿਸ ਦਾ ਸਿਆਸੀਕਰਨ ਕਰਨ ਦੀ ਕੋਸਿ਼ਸ਼ ਹੈ। ਦੇਸ਼ ਵਿੱਚ ਜਿੱਥੇ ਅਪਰਾਧੀ ਸ਼ਰੇਆਮ ਘੁੰਮ ਰਹੇ ਹਨ, ਉੱਥੇ ਹੀ ਬੈਨ ਗਵੀਰ ਪੁਲਿਸ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਿਹਾ ਹੈ।
ਇਸ ਦੇ ਨਾਲ ਹੀ ਅਰਬ ਇਸਲਾਮਿਸਟ ਪਾਰਟੀ ਰਾਅਮ ਦੇ ਪ੍ਰਧਾਨ ਮਨਸੂਰ ਅੱਬਾਸ ਨੇ ਸਰਕਾਰ ਨੂੰ ਬੇਨ ਗਵੀਰ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈ। ਉਹ ਮੁਸਲਮਾਨਾਂ ਨੂੰ ਭੜਕਾ ਰਹੇ ਹਨ ਅਤੇ ਉਨ੍ਹਾਂ ਨੂੰ ਜਵਾਬ ਦੇਣ ਲਈ ਮਜਬੂਰ ਕਰ ਰਹੇ ਹਨ।