ਇਸਲਾਮਾਬਾਦ, 1 ਦਸੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 9 ਮਈ, 2023 ਨੂੰ ਹੋਈ ਹਿੰਸਾ ਦੇ ਦੋਸ਼ ਵਿੱਚ ਸ਼ਨੀਵਾਰ ਨੂੰ ਲਾਹੌਰ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ (ਏਟੀਸੀ) ਨੇ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ 8 ਮਾਮਲਿਆਂ 'ਚ ਇਮਰਾਨ ਖਾਨ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਜੱਜ ਮੰਜ਼ਰ ਅਲੀ ਗਿੱਲ ਨੇ ਆਪਣੇ ਲਿਖਤੀ ਫੈਸਲੇ ਵਿੱਚ ਕਿਹਾ ਕਿ ਇਮਰਾਨ ਖਾਨ ਵਿਰੁੱਧ ਹਿੰਸਾ ਨਾਲ ਸਬੰਧਤ ਆਡੀਓ ਅਤੇ ਵੀਡੀਓ ਸਬੂਤ ਪੇਸ਼ ਕੀਤੇ ਗਏ ਹਨ। ਇਹ ਉਨ੍ਹਾਂ ਨੂੰ ਦੋਸ਼ੀ ਸਾਬਤ ਕਰਨ ਲਈ ਕਾਫੀ ਹਨ।
ਅਦਾਲਤ ਨੇ ਆਪਣੇ ਫੈਸਲੇ 'ਚ ਇਮਰਾਨ ਖਿਲਾਫ ਦਿੱਤੀਆਂ ਗਵਾਹੀਆਂ ਦਾ ਵੀ ਹਵਾਲਾ ਦਿੱਤਾ। ਇਨ੍ਹਾਂ 'ਚ ਜ਼ਮਾਨ ਪਾਰਕ 'ਚ ਇਮਰਾਨ ਖਾਨ ਦੇ ਸਮਰਥਕਾਂ ਨੂੰ ਭੜਕਾਉਣ ਦੀ ਸਾਜਿ਼ਸ਼ ਰਚਨ ਦਾ ਦੋਸ਼ ਸੀ। ਫੈਸਲੇ 'ਚ ਅਦਾਲਤ ਨੇ ਕਿਹਾ ਕਿ ਇਮਰਾਨ 'ਤੇ ਲੱਗੇ ਦੋਸ਼ ਗੰਭੀਰ ਹਨ। ਉਨ੍ਹਾਂ ਨੇ ਫੌਜੀ ਅਤੇ ਸਰਕਾਰੀ ਜਾਇਦਾਦਾਂ 'ਤੇ ਹਮਲਿਆਂ ਦਾ ਹੁਕਮ ਦਿੱਤਾ ਸੀ। ਇਮਰਾਨ ਦੇ ਸਮਰਥਕਾਂ ਨੇ ਉਨ੍ਹਾਂ ਦੇ ਹੁਕਮਾਂ ਦੀ ਪਾਲਣਾ ਕੀਤੀ ਅਤੇ ਫੌਜੀ ਟਿਕਾਣਿਆਂ, ਸਰਕਾਰੀ ਇਮਾਰਤਾਂ ਅਤੇ ਪੁਲਿਸ ਅਧਿਕਾਰੀਆਂ 'ਤੇ ਹਮਲੇ ਕੀਤੇ।
ਅਦਾਲਤ ਨੇ ਕਿਹਾ ਕਿ 9 ਮਈ ਤੋਂ ਬਾਅਦ 11 ਮਈ ਨੂੰ ਮੁੜ ਵਾਪਰੀਆਂ ਹਿੰਸਕ ਘਟਨਾਵਾਂ ਅਤੇ ਪੁਲਿਸ ਅਧਿਕਾਰੀਆਂ 'ਤੇ ਹਮਲੇ ਵੀ ਇਮਰਾਨ ਖਾਨ ਦੇ ਨਿਰਦੇਸ਼ਾਂ 'ਤੇ ਕੀਤੇ ਗਏ ਸਨ। ਇਸ ਮਾਮਲੇ ਵਿੱਚ ਸਰਕਾਰ ਵੱਲੋਂ ਅੰਡਰਕਵਰ ਪੁਲਿਸ ਅਧਿਕਾਰੀਆਂ ਦਾ ਰਿਕਾਰਡ ਪੇਸ਼ ਕੀਤਾ ਗਿਆ ਸੀ।