ਬੇਰੂਤ, 28 ਨਵੰਬਰ (ਪੋਸਟ ਬਿਊਰੋ): ਲੇਬਨਾਨ 'ਚ ਜੰਗਬੰਦੀ ਦੇ ਅਗਲੇ ਹੀ ਦਿਨ ਇਜ਼ਰਾਈਲ ਅਤੇ ਹਿਜ਼ਬੁੱਲਾ ਇੱਕ ਦੂਜੇ 'ਤੇ ਸਮਝੌਤੇ ਦੀ ਉਲੰਘਣਾ ਦਾ ਦੋਸ਼ ਲਗਾ ਰਹੇ ਹਨ। ਹਿਜ਼ਬੁੱਲਾ ਦੇ ਸੰਸਦ ਮੈਂਬਰ ਹਸਨ ਫਦਲੱਲਾ ਨੇ ਕਿਹਾ- ਇਜ਼ਰਾਈਲ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਪਰਤਣ ਵਾਲਿਆਂ 'ਤੇ ਹਮਲਾ ਕਰ ਰਿਹਾ ਹੈ। ਇਜ਼ਰਾਈਲੀ ਟੈਂਕਾਂ ਨੇ ਵੀਰਵਾਰ ਨੂੰ ਸਰਹੱਦ ਦੇ ਨੇੜੇ ਦੇ ਇਲਾਕਿਆਂ 'ਤੇ ਹਮਲਾ ਕੀਤਾ।
ਰਾਈਟਰਜ਼ ਅਨੁਸਾਰ, ਹਿਜ਼ਬੁੱਲਾ ਦੀ ਕੇਂਦਰੀ ਲੀਡਰਸਿ਼ਪ ਨੇ ਇੱਕ ਬਿਆਨ ਜਾਰੀ ਕਰਕੇ ਫਲਸਤੀਨੀਆਂ ਦੇ ਸਮਰਥਨ ਵਿੱਚ ਇਜ਼ਰਾਈਲੀ ਦੁਸ਼ਮਣ ਦਾ ਵਿਰੋਧ ਜਾਰੀ ਰੱਖਣ ਦਾ ਵਾਅਦਾ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਸਾਡੀਆਂ ਉਂਗਲਾਂ ਟਰਿੱਗਰ 'ਤੇ ਰੱਖੀਆਂ ਹਨ ਅਤੇ ਅਸੀਂ ਲੇਬਨਾਨ ਨਾਲ ਲੱਗਦੀ ਸਰਹੱਦ ਪਾਰ ਤੋਂ ਵੀ ਇਜ਼ਰਾਈਲੀ ਬਲਾਂ ਦੀ ਵਾਪਸੀ 'ਤੇ ਨਜ਼ਰ ਰੱਖਾਂਗੇ।
ਹਿਜ਼ਬੁੱਲਾ ਦੇ ਬਿਆਨ ਵਿੱਚ ਕਿਤੇ ਵੀ ਜੰਗਬੰਦੀ ਸਮਝੌਤੇ ਦਾ ਸਿੱਧਾ ਜਿ਼ਕਰ ਨਹੀਂ ਸੀ। ਇਸ ਦੇ ਨਾਲ ਹੀ ਇਜ਼ਰਾਈਲ ਦਾ ਕਹਿਣਾ ਹੈ ਕਿ ਵਾਹਨਾਂ 'ਚ ਸਫਰ ਕਰ ਰਹੇ ਕੁਝ ਸ਼ੱਕੀ ਲੋਕ ਲੇਬਨਾਨ ਦੇ ਦੱਖਣੀ ਖੇਤਰ 'ਚ ਪਹੁੰਚ ਗਏ ਸਨ।