ਅਮਾਨ, 24 ਨਵੰਬਰ (ਪੋਸਟ ਬਿਊਰੋ): ਐਤਵਾਰ ਸਵੇਰੇ ਜਾਰਡਨ ਦੀ ਰਾਜਧਾਨੀ ਅਮਾਨ ਵਿੱਚ ਇਜ਼ਰਾਇਲੀ ਦੂਤਾਵਾਸ ਉੱਤੇ ਗੋਲੀਬਾਰੀ ਹੋਈ। ਗੋਲੀਬਾਰੀ ਕਰਨ ਵਾਲੇ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਦਿੱਤਾ ਹੈ। ਹਾਲਾਂਕਿ ਇਸ ਕਾਰਵਾਈ 'ਚ 3 ਪੁਲਸ ਕਰਮਚਾਰੀ ਵੀ ਜ਼ਖਮੀ ਹੋਏ ਹਨ।
ਟਾਈਮਜ਼ ਆਫ਼ ਇਜ਼ਰਾਈਲ ਮੁਤਾਬਕ ਪੁਲਿਸ ਨੇ ਦੂਤਾਵਾਸ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਬੰਦ ਕਰਕੇ ਘੇਰਾਬੰਦੀ ਵਧਾ ਦਿੱਤੀ ਹੈ। ਹੋਰ ਪੁਲਿਸ ਬਲ ਅਤੇ ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਲੋਕਾਂ ਨੂੰ ਆਪਣੇ ਘਰਾਂ ਵਿੱਚ ਰਹਿਣ ਲਈ ਵੀ ਕਿਹਾ ਗਿਆ ਹੈ। ਪੁਲਿਸ ਹਮਲੇ ਵਿੱਚ ਸ਼ਾਮਿਲ ਹੋਰ ਲੋਕਾਂ ਦੀ ਭਾਲ ਕਰ ਰਹੀ ਹੈ।
ਇਜ਼ਰਾਈਲ ਖਿਲਾਫ ਪ੍ਰਦਰਸ਼ਨ ਅਕਸਰ ਉਸ ਖੇਤਰ ਵਿੱਚ ਹੁੰਦੇ ਹਨ ਜਿੱਥੇ ਗੋਲੀਬਾਰੀ ਹੋਈ ਸੀ। ਗਾਜ਼ਾ ਯੁੱਧ ਦੇ ਬਾਅਦ ਤੋਂ, ਇਜ਼ਰਾਈਲ ਖਿਲਾਫ ਕਈ ਪ੍ਰਦਰਸ਼ਨ ਹੋਏ ਹਨ।
ਇਜ਼ਰਾਈਲ ਨੇ ਸ਼ਨੀਵਾਰ ਦੇਰ ਰਾਤ ਲੇਬਨਾਨ ਦੀ ਰਾਜਧਾਨੀ ਬੇਰੂਤ 'ਤੇ ਹਵਾਈ ਹਮਲਾ ਕੀਤਾ। ਇਸ ਹਮਲੇ ਵਿਚ ਇਕ ਰਿਹਾਇਸ਼ੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਵਿਚ 20 ਲੋਕਾਂ ਦੀ ਮੌਤ ਹੋ ਗਈ ਸੀ। ਇਜ਼ਰਾਇਲੀ ਅਧਿਕਾਰੀਆਂ ਮੁਤਾਬਕ ਇਹ ਹਮਲਾ ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰ ਮੁਹੰਮਦ ਹੈਦਰ ਨੂੰ ਮਾਰਨ ਲਈ ਕੀਤਾ ਗਿਆ ਸੀ।
ਹਾਲਾਂਕਿ, ਨਿਊਯਾਰਕ ਟਾਈਮਜ਼ ਅਨੁਸਾਰ, ਹਿਜ਼ਬੁੱਲਾ ਨੇ ਕਿਹਾ ਕਿ ਹਮਲੇ ਵਿੱਚ ਉਸਦਾ ਕੋਈ ਵੀ ਵਿਅਕਤੀ ਨਹੀਂ ਮਾਰਿਆ ਗਿਆ। ਹਿਜ਼ਬੁੱਲਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਹਮਲੇ ਵਾਲੀ ਥਾਂ 'ਤੇ ਉਸ ਦਾ ਕੋਈ ਵੀ ਕਮਾਂਡਰ ਮੌਜੂਦ ਨਹੀਂ ਸੀ।
ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ। ਲੇਬਨਾਨ ਦੇ ਸਿਹਤ ਮੰਤਰਾਲੇ ਮੁਤਾਬਕ ਹਮਲੇ 'ਚ 66 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।