ਇਸਲਾਮਾਬਾਦ, 24 ਨਵੰਬਰ (ਪੋਸਟ ਬਿਊਰੋ): ਅੱਜ ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕ ਉਨ੍ਹਾਂ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਇਮਰਾਨ ਨੇ 13 ਨਵੰਬਰ ਨੂੰ ਇੱਕ ਸੰਦੇਸ਼ ਦਿੱਤਾ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਐਤਵਾਰ 24 ਨਵੰਬਰ ਨੂੰ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਨ ਲਈ ਕਿਹਾ ਸੀ। ਇਮਰਾਨ ਨੇ ਇਸ ਪ੍ਰਦਰਸ਼ਨ ਨੂੰ ਫਾਈਨਲ ਕਾਲ ਦੱਸਿਆ ਸੀ।
ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਅਤੇ ਸਮਰਥਕ ਤਿੰਨ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਪਹਿਲੀ ਮੰਗ ਹੈ ਕਿ ਇਮਰਾਨ ਖਾਨ ਅਤੇ ਪੀਟੀਆਈ ਵਰਕਰਾਂ ਨੂੰ ਜਲਦੀ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾ 2024 ਵਿੱਚ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨਾ ਅਤੇ ਪਾਕਿਸਤਾਨੀ ਸੰਸਦ ਵਿੱਚ ਪਾਸ ਕੀਤੇ ਗਏ 26ਵੇਂ ਸੰਵਿਧਾਨਕ ਸੋਧ ਐਕਟ ਨੂੰ ਵਾਪਿਸ ਲੈਣਾ ਜੋ ਅਦਾਲਤਾਂ ਦੀ ਸ਼ਕਤੀ ਨੂੰ ਘਟਾਉਂਦਾ ਹੈ।
ਇਮਰਾਨ ਖਾਨ ਦੇ ਇਸ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਹੀ ਪਾਕਿਸਤਾਨ 'ਚ ਅਲਰਟ ਜਾਰੀ ਕੀਤਾ ਗਿਆ ਸੀ। ਰਾਜਧਾਨੀ ਇਸਲਾਮਾਬਾਦ ਦੇ ਕਈ ਇਲਾਕਿਆਂ ਵਿੱਚ ਮੋਬਾਈਲ ਅਤੇ ਇੰਟਰਨੈੱਟ ਸੁਵਿਧਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਰਾਜਧਾਨੀ ਇਸਲਾਮਾਬਾਦ ਨੂੰ ਜਾਣ ਵਾਲੀਆਂ ਮੁੱਖ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਹੈ।
ਖਾਨ ਨੇ ਵਿਰੋਧ ਦਾ ਐਲਾਨ ਉਦੋਂ ਕੀਤਾ ਹੈ ਜਦੋਂ ਬੇਲਾਰੂਸ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੈਂਕੋ ਇਕ ਦਿਨ ਬਾਅਦ 25 ਨਵੰਬਰ ਨੂੰ ਪਾਕਿਸਤਾਨ ਆ ਰਹੇ ਹਨ। ਇਸ ਤੋਂ ਪਹਿਲਾਂ ਅੱਜ ਉਨ੍ਹਾਂ ਦਾ ਵਫ਼ਦ ਪਾਕਿਸਤਾਨ ਪਹੁੰਚੇਗਾ।
ਵਿਰੋਧ ਦਾ ਐਲਾਨ ਕਰਦੇ ਹੋਏ ਇਮਰਾਨ ਖਾਨ ਨੇ ਸਮਰਥਕਾਂ ਨੂੰ ਕਿਹਾ ਕਿ ਤੁਹਾਨੂੰ ਫੈਸਲਾ ਕਰਨਾ ਹੋਵੇਗਾ ਕਿ ਤੁਸੀਂ ਮਾਰਸ਼ਲ ਲਾਅ ਵਿੱਚ ਰਹਿਣਾ ਚਾਹੁੰਦੇ ਹੋ ਜਾਂ ਆਜ਼ਾਦੀ ਵਿੱਚ। ਇਮਰਾਨ ਨੇ ਪੀਟੀਆਈ ਵਰਕਰਾਂ ਨੂੰ 24 ਨਵੰਬਰ ਦੇ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਜਾਂ ਪਾਰਟੀ ਛੱਡਣ ਲਈ ਕਿਹਾ ਹੈ।
ਪੀਟੀਆਈ ਨੇ ਇਹ ਵੀ ਬਿਆਨ ਜਾਰੀ ਕਰਕੇ ਕਿਹਾ ਕਿ 24 ਨਵੰਬਰ ਨੂੰ ਇਸਲਾਮਾਬਾਦ ਵੱਲ ਮਾਰਚ ਸ਼ੁਰੂ ਹੋਵੇਗਾ। ਸਤੰਬਰ ਤੋਂ ਹੀ ਇਮਰਾਨ ਖਾਨ ਦੇ ਸਮਰਥਕ ਉਨ੍ਹਾਂ ਦੀ ਰਿਹਾਈ ਲਈ ਕਿਸੇ ਨਾ ਕਿਸੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਮਰਾਨ ਖਾਨ ਦੇ ਵਿਰੋਧ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਦੀ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਇਸ ਨੂੰ ਰੋਕਣ ਦੀ ਤਿਆਰੀ ਕਰ ਲਈ ਹੈ।