ਬਰੈਂਪਟਨ, 21 ਨਵੰਬਰ (ਪੋਸਟ ਬਿਊਰੋ): ਸਿਟੀ ਆਫ਼ ਬਰੈਂਪਟਨ ਨੇ ਇੱਕ ਨਵੇਂ ਬਾਏਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਨਾਲ ਉਸਨੂੰ ਉਮੀਦ ਹੈ ਕਿ ਇਸ ਨਾਲ ਖੇਤਰ ਵਿੱਚ ਹਾਲ ਦੀ ਧਾਰਮਿਕ ਹਿੰਸਾ ਪ੍ਰਦਰਸ਼ਨ ਵਰਗੀਆਂ ਘਟਨਾਵਾਂ `ਤੇ ਰੋਕ ਲੱਗੇਗੀ।
ਬੁੱਧਵਾਰ ਨੂੰ ਸਿਟੀ ਕਾਉਂਸਲ ਨੇ ਸਰਵਸੰਮਤੀ ਨਾਲ ਇੱਕ ਨਵਾਂ ਕਾਨੂੰਨ ਪਾਸ ਕੀਤਾ ਜੋ ਧਾਰਮਿਕ ਸਥਾਨ ਦੇ 100 ਮੀਟਰ ਦੇ ਅੰਦਰ ਵਿਰੋਧ ਪ੍ਰਦਰਸ਼ਨ ਨੂੰ ਗ਼ੈਰਕਾਨੂੰਨੀ ਮੰਨਦਾ ਹੈ।
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕਿਹਾ ਕਿ ਸਾਡਾ ਟੀਚਾ ਇਹ ਯਕੀਨੀ ਕਰਨਾ ਹੈ ਕਿ ਚਾਹੇ ਤੁਸੀਂ ਮੰਦਰ, ਗੁਰਦੁਆਰੇ, ਮਸਜਿ਼ਦ, ਗਿਰਜਾ ਘਰ ਵਿੱਚ ਜਾਵੋਂ, ਹਰ ਕੋਈ ਹਿੰਸਾ ਅਤੇ ਧਮਕੀ ਤੋਂ ਮੁਕਤ ਹੋ ਕੇ ਸ਼ਾਂਤੀ ਨਾਲ ਅਰਦਾਸ ਕਰ ਸਕੋਂ।
ਜਦੋਂਕਿ ਬਾਏਲਾਅ ਦੰਗਾ ਪੈਦਾ ਕਰਨ ਵਾਲੇ ਪ੍ਰਦਰਸ਼ਨਾਂ `ਤੇ ਰੋਕ ਲਗਾਉਂਦਾ ਹੈ। ਕਾਉਂਸਲਰਾਂ ਦਾ ਕਹਿਣਾ ਹੈ ਕਿ ਬਾਏਲਾਅ ਸ਼ਾਂਤੀਪੂਰਨ ਰੈਲੀਆਂ ਅਤੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਨਹੀਂ ਹੈ।
ਇਸ ਕਾਨੂੰਨ `ਤੇ ਵਿਚਾਰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਉਸ ਸਮੇਂ ਸਾਹਮਣੇ ਆਇਆ, ਜਦੋਂ ਪੀਲ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਪ੍ਰਦਰਸ਼ਨਾਂ ਨੇ ਮੰਦਰ ਅਤੇ ਗੁਰਦੁਆਰਿਆਂ ਵਿੱਚ ਧਾਰਮਿਕ ਸਮੂਹਾਂ ਵਿਚਕਾਰ ਝੜਪ ਦੇ ਨਾਲ ਹਿੰਸਾ ਦਾ ਰੂਪ ਲੈ ਲਿਆ ਸੀ।