ਰੀਓ ਡੀ ਜਨੇਰੀਓ, 19 ਨਵੰਬਰ (ਪੋਸਟ ਬਿਊਰੋ): ਬ੍ਰਾਜ਼ੀਲ ਦੀ ਰਾਜਧਾਨੀ ਰੀਓ ਡੀ ਜਨੇਰੀਓ 'ਚ ਸੋਮਵਾਰ ਨੂੰ ਜੀ-20 ਸੰਮੇਲਨ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਨੇਤਾਵਾਂ ਨਾਲ ਦੁਵੱਲੀ ਬੈਠਕ ਕੀਤੀ। ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ, ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਟਲੀ ਦੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ, ਪੁਰਤਗਾਲ ਦੇ ਪ੍ਰਧਾਨ ਮੰਤਰੀ ਲੁਈਸ ਮੋਂਟੇਨੇਗਰੋ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਪ੍ਰਬੋਵੋ ਸੁਬੀਅਨੋ ਅਤੇ ਨਾਰਵੇ ਦੇ ਪ੍ਰਧਾਨ ਮੰਤਰੀ ਜੋਨਸ ਗੇਰ ਸਟੋਰ ਨਾਲ ਦੁਵੱਲੇ ਮੁੱਦਿਆਂ 'ਤੇ ਗੱਲਬਾਤ ਕੀਤੀ।
ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਵਿਚਾਲੇ ਗੈਰ ਰਸਮੀ ਗੱਲਬਾਤ ਹੋਈ। ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਸੰਮੇਲਨ ਦੇ ਪਹਿਲੇ ਦੋ ਸੈਸ਼ਨਾਂ 'ਚ 'ਭੁੱਖਮਰੀ ਅਤੇ ਗਰੀਬੀ ਵਿਰੁੱਧ ਏਕਤਾ' ਅਤੇ 'ਸਰਕਾਰਾਂ ਦੇ ਕੰਮਕਾਜ 'ਚ ਸੁਧਾਰ' 'ਤੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਜੰਗ ਕਾਰਨ ਵਿਸ਼ਵ ਵਿੱਚ ਅਨਾਜ ਸੰਕਟ ਹੈ। ਇਸ ਦਾ ਸਭ ਤੋਂ ਵੱਧ ਅਸਰ ਗਰੀਬ ਦੇਸ਼ਾਂ 'ਤੇ ਪਿਆ ਹੈ।
ਜੀ-20 ਸਿਖਰ ਸੰਮੇਲਨ ਦੇ ਪਹਿਲੇ ਸੈਸ਼ਨ ਦਾ ਵਿਸ਼ਾ 'ਭੁੱਖਮਰੀ ਅਤੇ ਗਰੀਬੀ ਵਿਰੁੱਧ ਏਕਤਾ' ਸੀ। ਪਹਿਲੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਜੀ-20 ਦੇ ਸਫਲ ਸੰਗਠਨ ਲਈ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਨੇ ਆਪਣੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਸੰਮੇਲਨ ਵਿੱਚ ਲਏ ਗਏ ਫੈਸਲਿਆਂ ਨੂੰ ਅੱਗੇ ਤੋਰਿਆ ਹੈ।
ਮੋਦੀ ਨੇ ਕਿਹਾ ਕਿ ਭਾਰਤ ਨੇ 10 ਸਾਲਾਂ ਵਿੱਚ 25 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਲਿਆਂਦਾ ਹੈ। ਅਸੀਂ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇ ਰਹੇ ਹਾਂ। 55 ਕਰੋੜ ਲੋਕ ਮੁਫਤ ਸਿਹਤ ਬੀਮੇ ਦਾ ਲਾਭ ਲੈ ਰਹੇ ਹਨ। ਕਿਸਾਨਾਂ ਨੂੰ 20 ਅਰਬ ਡਾਲਰ (1,68 ਹਜ਼ਾਰ ਕਰੋੜ ਰੁਪਏ) ਦਿੱਤੇ। ਭਾਰਤ ਵਿਸ਼ਵ ਖੁਰਾਕ ਸੁਰੱਖਿਆ ਵਿੱਚ ਯੋਗਦਾਨ ਪਾ ਰਿਹਾ ਹੈ। ਹਾਲ ਹੀ ਵਿੱਚ ਮਲਾਵੀ, ਜ਼ੈਂਬੀਆ ਅਤੇ ਜਿ਼ੰਬਾਬਵੇ ਨੂੰ ਮਦਦ ਪ੍ਰਦਾਨ ਕੀਤੀ ਗਈ ਹੈ।