ਨਵੀਂ ਦਿੱਲੀ, 11 ਨਵੰਬਰ (ਪੋਸਟ ਬਿਊਰੋ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਰੰਪ ਦੀ ਜਿੱਤ ਤੋਂ ਬਾਅਦ ਭਾਰਤ-ਅਮਰੀਕਾ ਸਬੰਧਾਂ 'ਤੇ ਪਹਿਲੀ ਵਾਰ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਐਤਵਾਰ ਨੂੰ ਕਿਹਾ ਕਿ ਦੁਨੀਆਂ ਦੇ ਕਈ ਦੇਸ਼ ਟਰੰਪ ਦੀ ਜਿੱਤ ਤੋਂ ਚਿੰਤਤ ਹਨ, ਪਰ ਭਾਰਤ ਨੂੰ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ਦੀ ਚਿੰਤਾ ਨਹੀਂ ਹੈ।
ਜੈਸ਼ੰਕਰ ਮੁੰਬਈ ਵਿੱਚ ਆਦਿਤਿਆ ਬਿਰਲਾ ਗਰੁੱਪ ਸਕਾਲਰਸਿ਼ਪ ਪ੍ਰੋਗਰਾਮ ਦੇ ਸਿਲਵਰ ਜੁਬਲੀ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੋਦੀ ਉਨ੍ਹਾਂ ਪਹਿਲੇ ਤਿੰਨ ਵਿਸ਼ਵ ਨੇਤਾਵਾਂ ਵਿੱਚੋਂ ਇੱਕ ਸਨ ਜਿਨ੍ਹਾਂ ਨਾਲ ਟਰੰਪ ਨੇ ਆਪਣੀ ਜਿੱਤ ਤੋਂ ਬਾਅਦ ਗੱਲ ਕੀਤੀ ਸੀ।
ਜੈਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਈ ਅਮਰੀਕੀ ਰਾਸ਼ਟਰਪਤੀਆਂ ਨਾਲ ਮਜ਼ਬੂਤ ਨਿੱਜੀ ਸਬੰਧ ਰਹੇ ਹਨ। ਜਦੋਂ ਉਹ ਪਹਿਲੀ ਵਾਰ ਵਾਸਿ਼ੰਗਟਨ ਡੀਸੀ ਗਏ ਤਾਂ ਉੱਥੇ ਰਾਸ਼ਟਰਪਤੀ ਓਬਾਮਾ, ਫਿਰ ਡੋਨਾਲਡ ਟਰੰਪ, ਫਿਰ ਜੋਅ ਬਾਇਡਨ ਸਨ। ਇਹ ਉਨ੍ਹਾਂ ਲਈ ਬਹੁਤ ਕੁਦਰਤੀ ਹੈ। ਉਹ ਵਿਸ਼ਵ ਨੇਤਾਵਾਂ ਨਾਲ ਮਜ਼ਬੂਤ ਨਿੱਜੀ ਸਬੰਧ ਬਣਾਉਂਦੇ ਹਨ। ਇਸ ਨਾਲ ਭਾਰਤ ਨੂੰ ਮਦਦ ਮਿਲਦੀ ਹੈ।
5 ਨਵੰਬਰ ਨੂੰ ਹੋਈਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਨੂੰ ਹਰਾਇਆ ਸੀ।