ਨਵੀਂ ਦਿੱਲੀ, 7 ਨਵੰਬਰ (ਪੋਸਟ ਬਿਊਰੋ): ਭਾਰਤ ਨੇ ਬੰਗਲਾਦੇਸ਼ ਦੇ ਚਟਗਾਓਂ 'ਚ ਹਿੰਦੂਆਂ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਬੰਗਲਾਦੇਸ਼ ਨੂੰ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਕੱਟੜਪੰਥੀਆਂ ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ।
ਇਸ ਬਾਰੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਬਿਆਨ ਦਿੱਤਾ। ਜੈਸਵਾਲ ਨੇ ਚਟਗਾਓਂ ਵਿੱਚ ਤਣਾਅ ਨੂੰ ਇੱਕ ਭੜਕਾਊ ਸੋਸ਼ਲ ਮੀਡੀਆ ਪੋਸਟ ਨੂੰ ਜਿ਼ੰਮੇਵਾਰ ਠਹਿਰਾਇਆ।
ਦਰਅਸਲ, ਚਟਗਾਓਂ ਵਿੱਚ ਇਸਕਾਨ ਮੰਦਰ ਅਤੇ ਸਨਾਤਨ ਧਰਮ ਨੂੰ ਲੈ ਕੇ ਵਿਵਾਦਿਤ ਟਿੱਪਣੀ ਕਾਰਨ ਹਿੰਦੂਆਂ ਵਿੱਚ ਨਾਰਾਜ਼ਗੀ ਹੈ। ਇਸ ਨੂੰ ਲੈ ਕੇ ਮੰਗਲਵਾਰ ਨੂੰ ਹਜ਼ਾਰਾਂ ਹਿੰਦੂ ਭਾਈਚਾਰੇ ਨੇ ਪ੍ਰਦਰਸ਼ਨ ਕੀਤਾ ਸੀ। ਜਦੋਂ ਹਿੰਦੂ ਸੰਗਠਨ ਵਿਰੋਧ 'ਚ ਸੜਕਾਂ 'ਤੇ ਉਤਰ ਆਏ ਤਾਂ ਫੌਜ ਨੇ ਪ੍ਰਦਰਸ਼ਨਕਾਰੀਆਂ 'ਤੇ ਲਾਠੀਚਾਰਜ ਕਰ ਦਿੱਤਾ।
ਦੂਜੇ ਪਾਸੇ ਚਟਗਾਂਓਂ ਪੁਲਿਸ ਦੇ ਵਧੀਕ ਡਿਪਟੀ ਕਮਿਸ਼ਨਰ ਕਾਜ਼ੀ ਤਾਰੇਕ ਅਜ਼ੀਜ਼ ਨੇ ਕਿਹਾ ਕਿ ਵਿਵਾਦਤ ਪੋਸਟ ਸ਼ੇਅਰ ਕਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੰਗਲਾਦੇਸ਼ 'ਚ ਅਗਸਤ ਤੋਂ ਹੁਣ ਤੱਕ ਹਿੰਦੂਆਂ 'ਤੇ ਹਮਲਿਆਂ ਦੇ 250 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਜਿ਼ਕਰਯੋਗ ਹੈ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ। ਹਿੰਦੂ ਸੰਗਠਨਾਂ ਨੇ ਸਵੇਰੇ ਵਿਰੋਧ ਪ੍ਰਦਰਸ਼ਨ ਕੀਤਾ, ਪਰ ਰਾਤ 10 ਵਜੇ ਫਿਰ ਅਚਾਨਕ ਪੁਲਿਸ ਅਤੇ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਦੇ ਜਵਾਨਾਂ ਨੇ ਹਜ਼ਾਰੀ ਗਲੀ ਇਲਾਕੇ ਵਿੱਚ ਛਾਪਾ ਮਾਰਿਆ। ਦੋਸ਼ ਹੈ ਕਿ ਇਸ ਦੌਰਾਨ ਸਥਾਨਕ ਹਿੰਦੂਆਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ।
ਹਜ਼ਾਰੀ ਗਲੀ ਖੇਤਰ ਵਿੱਚ ਲਗਭਗ 25,000 ਲੋਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 90% ਹਿੰਦੂ ਭਾਈਚਾਰੇ ਨਾਲ ਸਬੰਧਤ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਸਾਰੀਆਂ ਦੁਕਾਨਾਂ ਦੇ ਤਾਲੇ ਟੁੱਟ ਗਏ ਹਨ ਅਤੇ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ।