ਵਾਸਿਸ਼ੰਗਟਨ, 6 ਨਵੰਬਰ (ਪੋਸਟ ਬਿਊਰੋ): ਡੋਨਲਡ ਟਰੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਟਰੰਪ 4 ਸਾਲਾਂ ਬਾਅਦ ਮੁੜ ਚੋਣ ਜਿੱਤਣ ਵਾਲੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ। ਟਰੰਪ 2016 ਵਿੱਚ ਪਹਿਲੀ ਵਾਰ ਰਾਸ਼ਟਰਪਤੀ ਬਣੇ ਸਨ। ਉਹ 2020 ਦੀਆਂ ਚੋਣਾਂ ਜੋਅ ਬਾਇਡਨ ਤੋਂ ਹਾਰ ਗਏ ਸਨ।
132 ਸਾਲ ਪਹਿਲਾਂ ਗਰੋਵਰ ਕਲੀਵਲੈਂਡ ਦੋ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਨੇ 4 ਸਾਲਾਂ ਦੇ ਅੰਤਰਾਲ 'ਤੇ 1884 ਅਤੇ 1892 ਦੀਆਂ ਰਾਸ਼ਟਰਪਤੀ ਚੋਣਾਂ ਜਿੱਤੀਆਂ ਸਨ।
ਅਮਰੀਕਾ ਦੀਆਂ 538 ਸੀਟਾਂ ਵਿੱਚੋਂ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ 277 ਸੀਟਾਂ ਮਿਲੀਆਂ ਹਨ। ਬਹੁਮਤ ਲਈ 270 ਸੀਟਾਂ ਦੀ ਲੋੜ ਹੈ। ਇਸ ਦੇ ਨਾਲ ਹੀ ਕਮਲਾ ਹੈਰਿਸ ਦੀ ਪਾਰਟੀ ਨੇ 224 ਸੀਟਾਂ ਜਿੱਤੀਆਂ ਹਨ। ਦੋਨਾਂ ਵਿਚਾਲੇ ਸਿਰਫ 43 ਸੀਟਾਂ ਦਾ ਫਰਕ ਹੈ। ਹਾਲਾਂਕਿ ਬਾਕੀ ਸਾਰੇ 5 ਸੂਬਿਆਂ 'ਚ ਟਰੰਪ ਅੱਗੇ ਚੱਲ ਰਹੇ ਹਨ। ਅਜਿਹੇ 'ਚ ਸਖਤ ਟੱਕਰ ਦੇਣ ਦੇ ਬਾਵਜੂਦ ਕਮਲਾ ਚੋਣ ਹਾਰ ਗਏ ਹਨ।
ਰਾਸ਼ਟਰਪਤੀ ਚੋਣਾਂ ਦੇ ਨਾਲ-ਨਾਲ ਅਮਰੀਕੀ ਸੰਸਦ ਦੇ ਦੋਵਾਂ ਸਦਨਾਂ, ਸੈਨੇਟ ਅਤੇ ਹਾਊਸ ਆਫ਼ ਰਿਪ੍ਰੇਜੇਂਟੇਟਿਵਜ਼ ਲਈ ਵੀ ਚੋਣਾਂ ਹੋਈਆਂ। ਰਿਪਬਲਿਕਨ ਪਾਰਟੀ ਨੂੰ ਸੈਨੇਟ ਵਿੱਚ ਬਹੁਮਤ ਮਿਲ ਗਿਆ ਹੈ ਅਤੇ ਉਹ ਹਾਊਸ ਆਫ਼ ਰਿਪ੍ਰੇਜੇਂਟੇਟਿਵਜ਼ ਵਿੱਚ ਅੱਗੇ ਚੱਲ ਰਹੀ ਹੈ।
ਜਿੱਤ ਤੋਂ ਬਾਅਦ ਅਮਰੀਕੀ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਟਰੰਪ ਨੇ ਕਿਹਾ ਕਿ ਮੈਂ ਅਮਰੀਕਾ ਨੂੰ ਇਕ ਵਾਰ ਫਿਰ ਮਹਾਨ ਬਣਾਵਾਂਗਾ। ਰੱਬ ਨੇ ਇਸ ਦਿਨ ਲਈ ਮੇਰੀ ਜਾਨ ਬਚਾਈ ਸੀ। ਟਰੰਪ 'ਤੇ 13 ਜੁਲਾਈ ਨੂੰ ਪੈਨਸਿਲਵੇਨੀਆ 'ਚ ਹਮਲਾ ਹੋਇਆ ਸੀ। ਇੱਕ ਗੋਲੀ ਉਨ੍ਹਾਂ ਦੇ ਕੰਨ ਨੂੰ ਛੂਹ ਕੇ ਨਿਕਲ ਗਈ ਸੀ। ਹਮਲੇ 'ਚ ਉਨ੍ਹਾਂ ਦੀ ਜਾਨ ਬਚ ਗਈ ਸੀ।