ਢਾਕਾ, 4 ਅਕਤੂਬਰ (ਪੋਸਟ ਬਿਊਰੋ): ਅਡਾਨੀ ਪਾਵਰ ਨੇ ਬੰਗਲਾਦੇਸ਼ ਨੂੰ ਬਿਜਲੀ ਦੇ ਬਕਾਇਆ ਬਿੱਲ ਦਾ ਭੁਗਤਾਨ ਕਰਨ ਲਈ ਚਾਰ ਦਿਨਾਂ ਦਾ ਸਮਾਂ ਦਿੱਤਾ ਹੈ। ਕੰਪਨੀ ਪਹਿਲਾਂ ਹੀ ਬੰਗਲਾਦੇਸ਼ ਦੀ ਬਿਜਲੀ ਸਪਲਾਈ ਅੱਧੀ ਕਰ ਚੁੱਕੀ ਹੈ। ਗਰੁੱਪ ਦੀ ਕੰਪਨੀ ਅਡਾਨੀ ਪਾਵਰ ਝਾਰਖੰਡ ਲਿਮਿਟਡ (ਏ.ਪੀ.ਜੇ.ਐੱਲ.) ਨੇ 846 ਮਿਲੀਅਨ ਡਾਲਰ (ਕਰੀਬ 7,118 ਕਰੋੜ ਰੁਪਏ) ਦੇ ਬਕਾਏ ਦਾ ਭੁਗਤਾਨ ਨਾ ਕਰਨ ਕਾਰਨ ਇਹ ਕਦਮ ਚੁੱਕਿਆ ਹੈ।
ਬੰਗਲਾਦੇਸ਼ ਪਾਵਰ ਗਰਿੱਡ ਦੇ ਅੰਕੜਿਆਂ ਅਨੁਸਾਰ, ਏਪੀਜੇਐੱਲ ਨੇ ਵੀਰਵਾਰ ਰਾਤ ਤੋਂ ਬਿਜਲੀ ਸਪਲਾਈ ਵਿੱਚ ਇਹ ਕਟੌਤੀ ਕੀਤੀ ਹੈ। ਇਸ ਕਟੌਤੀ ਕਾਰਨ ਬੰਗਲਾਦੇਸ਼ ਨੂੰ ਇੱਕ ਰਾਤ ਵਿੱਚ 1600 ਮੈਗਾਵਾਟ ਤੋਂ ਵੱਧ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪਿਆ। 1,496 ਮੈਗਾਵਾਟ ਦਾ ਬੰਗਲਾਦੇਸ਼ੀ ਪਲਾਂਟ ਹੁਣ 700 ਮੈਗਾਵਾਟ 'ਤੇ ਕੰਮ ਕਰ ਰਿਹਾ ਹੈ।
ਬੰਗਲਾਦੇਸ਼ ਬਿਜਲੀ ਬੋਰਡ ਨੇ ਕਿਹਾ ਕਿ ਅਸੀਂ ਪੁਰਾਣੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਹੈ, ਪਰ ਜੁਲਾਈ ਤੋਂ, ਅਡਾਨੀ ਦੇ ਖਰਚੇ ਹਰ ਹਫ਼ਤੇ 22 ਮਿਲੀਅਨ ਡਾਲਰ ਤੋਂ ਵੱਧ ਹੋ ਗਏ ਹਨ। ਜਦੋਂਕਿ ਪੀਡੀਬੀ ਲਗਭਗ 18 ਮਿਲੀਅਨ ਡਾਲਰ ਦਾ ਭੁਗਤਾਨ ਕਰ ਰਿਹਾ ਹੈ, ਬਕਾਇਆ ਰਕਮ ਵਧ ਰਹੀ ਹੈ।
ਅਡਾਨੀ ਪਾਵਰ ਲਿਮਿਟਡ ਨੇ 10 ਅਪ੍ਰੈਲ 2023 ਤੋਂ ਆਪਣੇ ਪਾਵਰ ਪ੍ਰੋਜੈਕਟ ਰਾਹੀਂ ਬੰਗਲਾਦੇਸ਼ ਨੂੰ ਬਿਜਲੀ ਨਿਰਯਾਤ ਕਰਨਾ ਸ਼ੁਰੂ ਕੀਤਾ। 2017 ਵਿੱਚ, ਕੰਪਨੀ ਨੇ ਪਾਵਰ ਪਰਚੇਜ਼ ਐਗਰੀਮੈਂਟ ਤਹਿਤ 25 ਸਾਲਾਂ ਲਈ ਗੋਡਾ ਪਾਵਰ ਪਲਾਂਟ ਤੋਂ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰਨ ਲਈ ਇੱਕ ਸੌਦੇ 'ਤੇ ਹਸਤਾਖਰ ਕੀਤੇ ਸਨ।