ਤਹਿਰਾਨ, 3 ਨਵੰਬਰ (ਪੋਸਟ ਬਿਊਰੋ): ਈਰਾਨ ਦੀ ਰਾਜਧਾਨੀ ਤਹਿਰਾਨ 'ਚ ਇਕ ਵਿਦਿਆਰਥਣ ਦੇ ਨਗਨ ਹਾਲਤ 'ਚ ਘੁੰਮਣ ਦਾ ਮਾਮਲਾ ਸਾਹਮਣੇ ਆਇਆ ਹੈ। ਏਐੱਫਪੀ ਮੁਤਾਬਕ ਇਹ ਘਟਨਾ ਤਹਿਰਾਨ ਦੀ ਆਜ਼ਾਦ ਯੂਨੀਵਰਸਿਟੀ ਆਫ ਸਾਇੰਸ ਐਂਡ ਰਿਸਰਚ 'ਚ ਸ਼ਨੀਵਾਰ ਨੂੰ ਵਾਪਰੀ। ਇੱਥੇ ਯੂਨੀਵਰਸਿਟੀ ਦੀ ਇੱਕ ਵਿਦਿਆਰਥਣ ਨੇ ਜਿਨਸੀ ਸ਼ੋਸ਼ਣ ਦੇ ਵਿਰੋਧ ਵਿੱਚ ਆਪਣੇ ਕੱਪੜੇ ਉਤਾਰ ਦਿੱਤੇ।
ਨੰਗੇ ਹੋ ਕੇ ਘੁੰਮਣ ਤੋਂ ਥੋੜ੍ਹੀ ਦੇਰ ਬਾਅਦ ਈਰਾਨੀ ਪੁਲਿਸ ਨੇ ਵਿਦਿਆਰਥਣ ਨੂੰ ਹਿਰਾਸਤ ਵਿਚ ਲੈ ਲਿਆ। ਈਰਾਨੀ ਨਿਊਜ਼ਲੈਟਰ ਆਮਿਰ ਕਬੀਰ ਮੁਤਾਬਕ ਵਿਦਿਆਰਥੀ ਨੂੰ ਹਿਰਾਸਤ ਦੌਰਾਨ ਕੁੱਟਿਆ ਵੀ ਗਿਆ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ 'ਚ ਵਿਦਿਆਰਥਣ ਨੂੰ ਯੂਨੀਵਰਸਿਟੀ 'ਚ ਘੁੰਮਦੇ ਦੇਖਿਆ ਜਾ ਸਕਦਾ ਹੈ।
ਯੂਨੀਵਰਸਿਟੀ ਦੇ ਬੁਲਾਰੇ ਆਮਿਰ ਮਹਜੌਬ ਨੇ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ ਵਿਦਿਆਰਥਣ ਦੀ ਹਾਲਤ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ। ਉਹ ਮਾਨਸਿਕ ਦਬਾਅ ਹੇਠ ਹੈ ਅਤੇ ਮਾਨਸਿਕ ਰੋਗੀ ਹੈ।
ਕਈ ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਦਿਆਰਥਣ ਨਾਲ ਬਸੀਜ ਮਿਲੀਸ਼ੀਆ ਦੇ ਮੈਂਬਰਾਂ ਨੇ ਦੁਰਵਿਵਹਾਰ ਕੀਤਾ ਸੀ। ਉਸ ਦਾ ਹਿਜਾਬ ਅਤੇ ਕੱਪੜੇ ਖਿੱਚ ਲਏ ਗਏ ਸਨ।
ਦਰਅਸਲ, ਈਰਾਨ ਵਿੱਚ ਔਰਤਾਂ ਦੇ ਕੱਪੜਿਆਂ ਨੂੰ ਲੈ ਕੇ ਸਖ਼ਤ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ। ਇਸ ਮੁਤਾਬਕ ਔਰਤਾਂ ਲਈ ਜਨਤਕ ਥਾਂਵਾਂ 'ਤੇ ਹਿਜਾਬ ਅਤੇ ਢਿੱਲੇ ਕੱਪੜੇ ਪਾਉਣੇ ਲਾਜ਼ਮੀ ਹਨ। ਅਜਿਹੇ 'ਚ ਵਿਦਿਆਰਥਣ ਦੇ ਇਸ ਕਦਮ ਨੂੰ ਈਰਾਨ ਦੀ ਤਾਕਤ ਖਿਲਾਫ ਆਵਾਜ਼ ਉਠਾਉਣ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।