ਲੰਡਨ, 3 ਨਵੰਬਰ (ਪੋਸਟ ਬਿਊਰੋ): ਬ੍ਰਿਟੇਨ ਦੀਆਂ ਸਭ ਤੋਂ ਵੱਡੀਆਂ ਪਾਰਟੀਆਂ ਵਿੱਚੋਂ ਇੱਕ ਕੰਜ਼ਰਵੇਟਿਵ ਪਾਰਟੀ ਵਿੱਚ ਹੁਣ ਰਿਸ਼ੀ ਸੁਨਕ ਦੀ ਥਾਂ ਇੱਕ ਬਲੈਜ ਔਰਤ ਕੇਮੀ ਬੇਡੇਨਾਕ ਨੂੰ ਲਿਆ ਜਾਵੇਗਾ। ਉਹ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਚੁਣੇ ਹਏ ਹਨ। ਬਰਤਾਨੀਆ ਵਿੱਚ ਇਹ ਅਹੁਦਾ ਹਾਸਿਲ ਕਰਨ ਵਾਲੀ ਉਹ ਪਹਿਲੀ ਬਲੈਕ ਔਰਤ ਹਨ। 44 ਸਾਲਾ ਬੇਡੇਨਾਕ ਨੇ 57% ਵੋਟਾਂ ਹਾਸਿਲ ਕੀਤੀਆਂ ਅਤੇ ਪਾਰਟੀ ਆਗੂ ਦੀ ਚੋਣ ਵਿੱਚ ਰਾਬਰਟ ਜੇਨਰਿਕ ਨੂੰ ਹਰਾਇਆ।
ਵਿਰੋਧੀ ਲੇਬਰ ਪਾਰਟੀ ਦੇ ਨੇਤਾ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀ ਬੇਡੇਨਾਕ ਨੂੰ ਜਿੱਤ 'ਤੇ ਵਧਾਈ ਦਿੱਤੀ ਹੈ। ਸਟਾਰਮਰ ਨੇ ਕਿਹਾ ਕਿ ਇੱਕ ਬਲੈਕ ਔਰਤ ਦਾ ਪਾਰਟੀ ਆਗੂ ਚੁਣਿਆ ਜਾਣਾ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।
ਇਸ ਦੇ ਨਾਲ ਹੀ ਬੇਡੇਨਾਕ ਨੇ ਕਿਹਾ ਹੈ ਕਿ ਉਹ ਆਪਣੀ ਨਸਲੀ ਪਹਿਚਾਣ ਨੂੰ ਜਿ਼ਆਦਾ ਮਹੱਤਵ ਦੇਣਾ ਪਸੰਦ ਨਹੀਂ ਕਰਦੇ। ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਵਿੱਚ ਜਦੋਂ ਉਨ੍ਹਾਂ ਨੂੰ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਚਮੜੀ, ਵਾਲਾਂ ਜਾਂ ਅੱਖਾਂ ਦੇ ਰੰਗ ਨੂੰ ਜਿ਼ਆਦਾ ਮਹੱਤਵ ਨਹੀਂ ਦੇਣਾ ਚਾਹੀਦਾ।
ਚੋਣ ਜਿੱਤਣ ਤੋਂ ਬਾਅਦ, ਬੇਡੇਨਾਕ ਨੇ ਪਾਰਟੀ ਨੂੰ ਮੁੜ ਸੁਰਜੀਤ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਹੁਣ ਸੱਚ ਦੱਸਣ ਦਾ ਸਮਾਂ ਆ ਗਿਆ ਹੈ। ਦਰਅਸਲ ਜੁਲਾਈ 'ਚ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਅਗਵਾਈ 'ਚ ਹੋਈਆਂ ਚੋਣਾਂ 'ਚ ਕੰਜ਼ਰਵੇਟਿਵ ਪਾਰਟੀ ਦੀ ਹਾਰ ਹੋਈ ਸੀ।
ਬੇਡੇਨਾਕ ਦੀ ਅਗਵਾਈ ਵਿੱਚ ਕੰਜ਼ਰਵੇਟਿਵ ਪਾਰਟੀ ਵਿੱਚ ਬਦਲਾਅ ਦੀ ਉਮੀਦ ਹੈ। ਕੇਮੀ ਨੇ ਵਾਅਦਾ ਕੀਤਾ ਹੈ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਪਾਰਟੀ ਨੂੰ ਇਸ ਦੇ ਮੂਲ ਸਿਧਾਂਤਾਂ 'ਤੇ ਵਾਪਿਸ ਲਿਆਏਗੀ।
ਕੇਮੀ ਦਾ ਜਨਮ ਵਿੰਬਲਡਨ, ਲੰਡਨ ਵਿੱਚ 1980 ਵਿੱਚ ਹੋਇਆ ਸੀ ਅਤੇ ਉਸਦਾ ਪਾਲਣ ਪੋਸ਼ਣ ਨਾਈਜੀਰੀਆ ਵਿੱਚ ਹੋਇਆ ਸੀ। ਕੁਝ ਸਮੇਂ ਬਾਅਦ ਉਹ ਪੜ੍ਹਾਈ ਲਈ ਵਾਪਿਸ ਲੰਡਨ ਆ ਗਈ। ਸਿਰਫ਼ 16 ਸਾਲ ਦੀ ਉਮਰ ਵਿੱਚ, ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਮੈਕਡੋਨਲਡਜ਼ ਵਿੱਚ ਕੰਮ ਕਰਦੀ ਸੀ।
ਇਸ ਤੋਂ ਬਾਅਦ, ਬੇਡੇਨਾਕ ਨੇ ਸਸੇਕਸ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਵਿੱਚ ਗ੍ਰੈਜੂਏਸ਼ਨ ਕੀਤੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬੈਂਕਿੰਗ ਦੇ ਖੇਤਰ ਤੋਂ ਕੀਤੀ ਸੀ। ਪਰ ਬੇਡੇਨਾਕ ਨੇ ਰਾਜਨੀਤੀ ਵਿੱਚ ਆਉਣ ਲਈ ਬੈਂਕਿੰਗ ਛੱਡ ਦਿੱਤੀ। 25 ਸਾਲ ਦੀ ਉਮਰ ਵਿੱਚ ਉਹ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਿਲ ਹੋ ਗਏ।