ਟੋਰਾਂਟੋ, 8 ਸਤੰਬਰ (ਪੋਸਟ ਬਿਊਰੋ): ਹੈਮਿਲਟਨ ਪੁਲਿਸ ਨੇ ਹਾਲ ਹੀ ਵਿੱਚ ਵਾਰੰਟ ਦੌਰਾਨ ਫੇਂਟੇਨਾਇਲ ਵਾਲੀਆਂ ਗਮੀਜ਼ ਨੂੰ ਕੈਂਡੀ ਦੇ ਰੂਪ ਵਿੱਚ ਮਿਲਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ।
ਪੁਲਿਸ ਨੇ ਵਾਰੰਟ ਬਾਰੇ ਵਿਸਥਾਰਿਤ ਜਾਣਕਾਰੀ ਨਹੀਂ ਦਿੱਤੀ ਅਤੇ ਨਾ ਹੀ ਭਿਆਨਕ ਗਮੀਜ਼ ਬਾਰੇ ਕੋਈ ਜਾਣਕਾਰੀ ਦਿੱਤੀ।
ਪੁਲਿਸ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਪ੍ਰੈੱਸ ਰਿਲੀਜ਼ ਵਿੱਚ ਲਿਖਿਆ ਕਿ ਕੈਂਡੀ ਦੇ ਰੂਪ ਵਿੱਚ ਮਿਲਿਆ ਇਹ ਖਤਰਨਾਕ ਪਦਾਰਥ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ, ਖਾਸ ਕਰਕੇ ਨੌਜਵਾਨਾਂ ਲਈ ਜੋ ਅਣਜਾਣੇ ਵਿੱਚ ਇਨ੍ਹਾਂ ਦਾ ਸੇਵਨ ਕਰ ਸਕਦੇ ਹਨ।
ਅਧਿਕਾਰੀਆਂ ਨੇ ਕਿਹਾ ਕਿ ਇਹ ਵਿਸ਼ੇਸ਼ ਉਤਪਾਦ ਅਕਸਰ ਚਮਕੀਲੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਨੂੰ ਇਸ ਤਰ੍ਹਾਂ ਨਾਲ ਪੈਕ ਕੀਤਾ ਜਾਂਦਾ ਹੈ ਕਿ ਇਨ੍ਹਾਂ ਨੂੰ ਸਟੋਰ ਵਿਚੋਂਂ ਖਰੀਦੇ ਗਏ ਟਰੀਟ ਦੇ ਰੂਪ ਵਿੱਚ ਗਲਤ ਸਮਝਿਆ ਜਾ ਸਕਦਾ ਹੈ।
ਪੁਲਿਸ ਨੇ ਕਿਹਾ ਕਿ ਫੇਂਟੇਨਾਇਲ ਦੀ ਥੋੜ੍ਹੀ ਮਾਤਰਾ ਵੀ ਭਿਆਨਕ ਓਵਰਡੋਜ਼ ਦਾ ਕਾਰਨ ਬਣ ਸਕਦੀ ਹੈ, ਕਿਉਂਕਿ ਇਹ ਓਪਿਓਇਡ ਮਾਰਫਿਨ ਤੋਂ 100 ਗੁਣਾ ਜਿਆਦਾ ਸ਼ਕਤੀਸ਼ਾਲੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਫੇਂਟੇਨਾਇਲ ਦੇ ਸੰਪਰਕ ਵਿੱਚ ਆਉਣ ਨਾਲ ਸੁਸਤੀ, ਸਾਹ ਲੈਣ ਵਿੱਚ ਮੁਸ਼ਕਿਲ, ਚੱਕਰ ਆਉਣਾ ਆਮ ਲੱਛਣ ਹਨ। ਕੈਂਡੀ ਵਰਗਾ ਦਿਸਣ ਵਾਲਾ ਉਤਪਾਦ ਖਾਣ ਤੋਂ ਬਾਅਦ ਜੇਕਰ ਕਿਸੇ ਨੂੰ ਇਹ ਲੱਛਣ ਦਿਸਣ ਤਾਂ ਉਹ ਤੁਰੰਤ 911 `ਤੇ ਕਾਲ ਕਰਨ।