ਓਟਵਾ, 6 ਸਤੰਬਰ (ਪੋਸਟ ਬਿਊਰੋ): ਯੂਕਰੇਨ ਨੂੰ ਰੂਸ ਨਾਲ ਚੱਲ ਰਹੇ ਸੰਘਰਸ਼ ਵਿੱਚ ਨਾਟੋ ਦੇਸ਼ਾਂ ਤੋਂ ਸਹਾਇਤਾ ਮਿਲਦੀ ਰਹੀ ਹੈ। ਨਾਟੋ ਦੇ ਮੈਂਬਰ ਦੇਸ਼ ਕੈਨੇਡਾ ਨੇ ਯੂਕਰੇਨ ਦੀ ਮਦਦ ਲਈ 80 ਹਜ਼ਾਰ ਤੋਂ ਜਿ਼ਆਦਾ ਹਵਾ ਤੋਂ ਧਰਤੀ 'ਤੇ ਮਾਰ ਕਰਨ ਵਾਲੇ ਰਾਕੇਟ ਦੀ ਸਪਲਾਈ ਕਰਨ ਦੀ ਗੱਲ ਕਹੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਆਉਣ ਵਾਲੇ ਸਮੇਂ 'ਚ 80,840 ਛੋਟੇ ਰਾਕੇਟ ਦੇ ਨਾਲ-ਨਾਲ 1300 ਹਥਿਆਰ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਇਹ ਰਾਕੇਟ ਹਵਾ ਤੋਂ ਸਤ੍ਹਾ 'ਤੇ ਹਮਲੇ ਕਰਨ ਦੇ ਸਮਰੱਥ ਹਨ, ਕੁਝ ਮਹੀਨੇ ਪਹਿਲਾਂ, ਕੈਨੇਡਾ ਨੇ ਇਨ੍ਹਾਂ ਛੋਟੇ ਸੀਆਰਵੀ7 ਰਾਕੇਟਾਂ ਦੇ 2,160 ਦੇ ਪਹਿਲੇ ਬੈਚ ਨੂੰ ਯੂਕਰੇਨ ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਇਹ ਰਾਕੇਟ ਮੁੱਖ ਤੌਰ 'ਤੇ ਇਮਾਰਤਾਂ, ਟੈਂਕਾਂ ਜਾਂ ਸੈਨਿਕਾਂ 'ਤੇ ਹਮਲਾ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਹਥਿਆਰਾਂ ਦੀ ਵਰਤੋਂ ਕਰਕੇ ਤਿਆਰ ਕੀਤੇ ਗਏ ਹਨ।
ਬਲੇਅਰ ਨੇ ਕਿਹਾ ਕਿ ਕੈਨੇਡਾ ਯੂਕਰੇਨ ਨੂੰ ਬਖਤਰਬੰਦ ਵਾਹਨਾਂ ਦੀ ਚੈਸੀ ਵੀ ਦੇਵੇਗਾ ਜੋ ਹੁਣ ਕੈਨੇਡੀਅਨ ਸੁਰੱਖਿਆ ਬਲਾਂ ਦੁਆਰਾ ਵਰਤੋਂ ਵਿੱਚ ਨਹੀਂ ਹਨ। ਕੈਨੇਡਾ ਨਾਟੋ ਦਾ ਮੈਂਬਰ ਦੇਸ਼ ਹੈ ਅਤੇ ਬਾਕੀ ਮੈਂਬਰ ਦੇਸ਼ਾਂ ਵਾਂਗ ਉਹ ਯੂਕਰੇਨ ਦੀ ਹਰ ਸੰਭਵ ਮਦਦ ਕਰਨ ਦੀ ਕੋਸਿ਼ਸ਼਼ ਕਰ ਰਿਹਾ ਹੈ। ਫਰਵਰੀ 2022 ਵਿੱਚ ਜਦੋਂ ਰੂਸ ਨੇ ਯੂਕਰੇਨ ਉੱਤੇ ਹਮਲਾ ਕੀਤਾ ਸੀ ਤਾਂ ਕੈਨੇਡਾ ਨੇ ਇਸ ਜੰਗ ਵਿੱਚ ਯੂਕਰੇਨ ਨੂੰ ਲਗਭਗ 3.3 ਬਿਲੀਅਨ ਡਾਲਰ ਦੀ ਮਦਦ ਕਰਨ ਦਾ ਵਾਅਦਾ ਕੀਤਾ ਸੀ।