ਓਟਵਾ, 8 ਜਨਵਰੀ (ਪੋਸਟ ਬਿਊਰੋ): ਕੈਨੇਡਾ ਦੀ ਰਾਜਨੀਤੀ ਵਿਚ ਉਥਲ-ਪੁਥਲ ਮੱਚੀ ਹੋਈ ਹੈ। ਕੈਨੇਡਾ `ਤੇ ਟਰੰਪ ਲਗਾਤਾਰ ਆਪਣੇ ਬਿਆਨਾਂ ਕਰਕੇ ਚਰਚਾ `ਚ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅਸਤੀਫੇ ਦੇ ਐਲਾਨ ਤੋਂ ਬਾਅਦ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਵਲੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਬਿਆਨ ’ਤੇ ਟਰੂਡੋ ਨੇ ਤਨਜ਼ ਕੱਸਿਆ ਹੈ। ਟਰੂਡੋ ਨੇ ਕਿਹਾ ਕਿ ਕਿਸੇ ਪ੍ਰਭੂਸੱਤਾ ਸੰਪੂਰਨ ਮੁਲਕ ਦਾ ਦੂਜੇ ਦੇਸ਼ ਵਿੱਚ ਰਲੇਵਾਂ ਕਰਨਾ ਕੋਈ ਬੱਚਿਆਂ ਵਾਲੀ ਖੇਡ ਨਹੀਂ ਹੈ।
ਟਰੂਡੋ ਨੇ ਐਕਸ `ਤੇ ਲਿਖਿਆ ਕਿ ਅਮਰੀਕਾ ਤੇ ਕੈਨੇਡਾ ਵਿੱਚ ਕਾਮਿਆਂ ਅਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਦੇ ਤਕੜੇ ਭਾਈਵਾਲ ਹੋਣ ਦਾ ਦੁਵੱਲਾ ਫਾਇਦਾ ਮਿਲਦਾ ਹੈ।
ਉੱਧਰ ਜਦੋਂ ਟਰੰਪ ਤੋਂ ਪੁੱਛਿਆ ਗਿਆ ਕੀ ਉਹ ਕੈਨੇਡਾ ਨੂੰ ਆਪਣਾ ਸੂਬਾ ਬਣਾਉਣ ਲਈ ਫੌਜੀ ਤਾਕਤ ਦੀ ਵਰਤੋਂ ਕਰਨਗੇ, ਤਾਂ ਟਰੰਪ ਨੇ ਸਰਹੱਦ ਨੂੰ ਆਰਜ਼ੀ ਤੌਰ ’ਤੇ ਖਿੱਚੀ ਲਾਈਨ ਗਰਦਾਨਦੇ ਹੋਏ ਕਿਹਾ ਕਿ ਇਸ ਨੂੰ ਹਟਾ ਦੇਣਾ ਕੌਮੀ ਸਲਾਮਤੀ ਪੱਖੋਂ ਵੀ ਚੰਗਾ ਸਾਬਤ ਹੋਵੇਗਾ।
ਟਰੰਪ ਨੇ ਸਾਫ਼ ਕਿਹਾ ਸੀ ਕਿ ਬੇਸ਼ੱਕ ਅਮਰੀਕਾ ਕੋਲ ਕੈਨੇਡਾ ਨੂੰ ਮਿਲਾਉਣ ਦੇ ਦਾਅਵੇ ਦਾ ਕੋਈ ਹੱਕ ਨਹੀਂ, ਪਰ ਅਮਰੀਕਾ ਹਰ ਸਾਲ ਗੁਆਂਢੀ ਦੇਸ਼ ਵਜੋਂ ਕੈਨੇਡਾ ਦੀ ਸੁਰੱਖਿਆ ਅਤੇ ਸੰਭਾਲ ਵਾਸਤੇ ਸੈਂਕੜੇ ਅਰਬ ਡਾਲਰ ਦਾ ਖਰਚਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਲੋਕਾਂ ਨੂੰ ਸੋਚਣ ਦੀ ਲੋੜ ਹੈ ਕਿ ਜੇ ਉਨ੍ਹਾਂ ਨੂੰ ਗੁਆਂਢੀ ਦੇਸ਼ ਤੋਂ ਇਨਾ ਜਿ਼ਆਦਾ ਸਮਰਥਨ ਮਿਲਦਾ ਹੈ ਤਾਂ ਕਿਉਂ ਨਾ ਉਹ ਇਸ ਦਾ ਹਿੱਸਾ ਬਣ ਜਾਣ।