ਸਾਸਕਾਟੂਨ, 6 ਸਤੰਬਰ (ਪੋਸਟ ਬਿਊਰੋ): ਵੀਰਵਾਰ ਨੂੰ ਸਾਸਕਾਟੂਨ ਦੇ ਈਵਾਨ ਹਾਰਡੀ ਕਾਲਜੀਏਟ ਵਿੱਚ ਇੱਕ ਭਿਆਨਕ ਘਟਨਾ ਵਾਪਰੀ ਹੈ। ਇੱਥੇ 15 ਸਾਲਾ ਲੜਕੀ `ਤੇ ਜਲਨਸ਼ੀਲ ਪਦਾਰਥ ਪਾਕੇ ਉਸਨੂੰ ਅੱਗ ਲਗਾ ਦਿੱਤੀ ਗਈ।
ਇਸ ਘਟਨਾ ਵਿੱਚ ਪੀੜਿਤਾ ਗੰਭੀਰ ਜ਼ਖ਼ਮੀ ਹੋ ਗਈ ਅਤੇ ਸਕੂਲ ਕਮਿਊਨਿਟੀ ਵਿੱਚ ਹੜਕੰਪ ਮੱਚ ਗਿਆ। ਪੁਲਿਸ ਨੇ ਦੱਸਿਆ ਕਿ ਬਚਾਅ ਕਰਨ ਦੀ ਕੋਸ਼ਿਸ਼ ਵਿੱਚ ਇੱਕ ਅਧਿਆਪਕ ਵੀ ਜ਼ਖ਼ਮੀ ਹੋ ਗਿਆ।
ਪੁਲਿਸ ਅਨੁਸਾਰ ਦੁਪਹਿਰ 12:30 ਵਜੇ ਦੇ ਆਸਪਾਸ ਐਮਰਜੈਂਸੀ ਕਾਲ ਆਈ, ਜਿਸ ਵਿੱਚ ਸਕੂਲ ਵਿੱਚ ਹਮਲੇ ਅਤੇ ਅੱਗ ਲੱਗਣ ਦੀ ਸੂਚਨਾ ਮਿਲੀ।
ਇਸ ਘਟਨਾ ਤੋਂ ਬਾਅਦ ਸਕੂਲ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਫਾਇਰ ਅਲਾਰਮ ਸੁਣਾਈ ਦਿੱਤਾ ਅਤੇ ਉਨ੍ਹਾਂ ਨੂੰ ਇਮਾਰਤ ਵਿਚੋਂ ਬਾਹਰ ਜਾਣ ਦਾ ਨਿਰਦੇਸ਼ ਦਿੱਤਾ ਗਿਆ।
ਇੱਕ ਵਿਦਿਆਰਥੀ ਗਸ ਅਲੀਬਿਬੂ ਨੇ ਦੱਸਿਆ ਕਿ ਮੈਂ ਜਮਾਤ ਵਿੱਚ ਸੀ ਅਤੇ ਅਚਾਨਕ ਫਾਇਰ ਅਲਾਰਮ ਵੱਜਿਆ। ਸਾਰੇ ਲੋਕ ਚਲੇ ਗਏ ਅਤੇ ਅਸੀਂ ਕਿਸੇ ਨੂੰ ਗ੍ਰਿਫ਼ਤਾਰ ਹੁੰਦੇ ਨਹੀਂ ਵੇਖਿਆ ।
ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਸਿਲਸਿਲੇ ਵਿੱਚ ਈਵਾਨ ਹਾਰਡੀ ਕਾਲਜੀਏਟ ਦੀ ਇੱਕ 14 ਸਾਲਾ ਵਿਦਿਆਰਥਣ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਹੋਰ ਜਾਂਚ ਜਾਰੀ ਹੈ।