ਓਟਵਾ, 5 ਸਤੰਬਰ (ਪੋਸਟ ਬਿਊਰੋ): ਕੈਨੇਡਾ ਵਿੱਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਵਿਚਾਲੇ ਗਠਜੋੜ ਟੁੱਟ ਗਿਆ ਹੈ। ਜਾਣਕਾਰੀ ਮੁਤਾਬਕ ਇਸ ਨਾਲ ਘੱਟ ਗਿਣਤੀ ਟਰੂਡੋ ਸਰਕਾਰ ਨੂੰ ਖ਼ਤਰਾ ਹੈ। ਹੁਣ ਉਸ ਨੂੰ ਸੱਤਾ ਵਿਚ ਬਣੇ ਰਹਿਣ ਲਈ ਹੋਰ ਪਾਰਟੀਆਂ ਦਾ ਸਮਰਥਨ ਹਾਸਿਲ ਕਰਨਾ ਹੋਵੇਗਾ।
ਐੱਨਡੀਪੀ ਦੇ ਆਗੂ ਜਗਮੀਤ ਸਿੰਘ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ 2022 ਵਿੱਚ ਦੋਨਾਂ ਪਾਰਟੀਆਂ ਦਰਮਿਆਨ ਹੋਏ ਸਮਝੌਤੇ ਨੂੰ ਤੋੜ ਰਹੇ ਹਨ। ਉਨ੍ਹਾਂ ਕਿਹਾ ਕਿ ਲਿਬਰਲ ਪਾਰਟੀ ਵਪਾਰੀਆਂ ਅੱਗੇ ਝੁਕ ਗਈ ਹੈ। ਉਹ ਬਦਲਾਅ ਲਿਆਉਣ ਦੇ ਸਮਰੱਥ ਨਹੀਂ ਹਨ।
ਐੱਨਡੀਪੀ ਨੇ 2022 ਵਿੱਚ ਟਰੂਡੋ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਸੀ। ਐੱਨਡੀਪੀ ਅਤੇ ਲਿਬਰਲ ਪਾਰਟੀ ਦਰਮਿਆਨ ਹੋਏ ਸਮਝੌਤੇ ਨੂੰ ‘ਸਪਲਾਈ ਐਂਡ ਕਾਨਫੀਡੈਂਸ’ ਵਜੋਂ ਜਾਣਿਆ ਜਾਂਦਾ ਸੀ। ਸਮਝੌਤੇ ਤਹਿਤ ਐੱਨਡੀਪੀ ਨੇ ਬਿੱਲ ਪਾਸ ਹੋਣ ਸਮੇਂ ਲਿਬਰਲ ਪਾਰਟੀ ਦਾ ਸਮਰਥਨ ਕੀਤਾ। ਇਸ ਦੇ ਬਦਲੇ ਟਰੂਡੋ ਸਰਕਾਰ ਨੇ ਐੱਨ.ਡੀ.ਪੀ. ਨਾਲ ਸਬੰਧਤ ਨੀਤੀਆਂ ਲਾਗੂ ਕੀਤੀਆਂ।
ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਉਹ ਹੁਣ ਹੋਰ ਮੌਕੇ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਨਾਲ ਕੀਤੇ ਸਮਝੌਤੇ ਨੂੰ ਉਹ ‘ਰੱਦੀ ਦੀ ਟੋਕਰੀ’ ਵਿੱਚ ਸੁੱਟਣ ਜਾ ਰਹੇ ਹਨ।
ਟਰੂਡੋ ਦੀ ਪਾਰਟੀ ਕੋਲ ਪਾਰਲੀਮੈਂਟ ਵਿੱਚ 130 ਸੀਟਾਂ ਹਨ। ਪਾਰਟੀ ਨੂੰ ਸੱਤਾ 'ਚ ਬਣੇ ਰਹਿਣ ਲਈ 9 ਹੋਰ ਸੀਟਾਂ ਦੀ ਲੋੜ ਹੈ। ਹੁਣ ਤੱਕ 24 ਸੀਟਾਂ ਵਾਲੀ ਐੱਨਡੀਪੀ ਇਸ ਦਾ ਸਮਰਥਨ ਕਰ ਰਹੀ ਸੀ। ਬਹੁਮਤ ਲਈ ਟਰੂਡੋ ਦੀ ਪਾਰਟੀ ਨੂੰ ਹੁਣ ਕਿਊਬਿਕ ਪਾਰਟੀ (32 ਸੀਟਾਂ) ਦੇ ਸਮਰਥਨ ਦੀ ਲੋੜ ਪਵੇਗੀ।
ਵਿਰੋਧੀ ਕੰਜ਼ਰਵੇਟਿਵ ਪਾਰਟੀ ਕੋਲ 119 ਸੀਟਾਂ ਹਨ। ਸਰਵੇਖਣ ਮੁਤਾਬਕ ਜੇਕਰ ਚੋਣਾਂ ਹੁੰਦੀਆਂ ਹਨ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਬਹੁਮਤ ਮਿਲ ਸਕਦਾ ਹੈ। ਇਸ ਲਈ ਟਰੂਡੋ ਸਰਕਾਰ ਨੂੰ ਚੋਣਾਂ ਨੂੰ ਟਾਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।