ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੈਮਬ੍ਰਿਜ ਵਲੋਂ ਕੈਂਮਬ੍ਰਿਜ ਅਤੇ ਆਲੇ ਦੁਆਲੇ ਦੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ 03 ਅਤੇ 04 ਅਗਸਤ ਦਿਨ ਸ਼ਨਿੱਚਰਵਾਰ ਤੇ ਐਤਵਾਰ ਨੂੰ ਸੇਂਟ ਬੇਨੇਡਿਕਟ ਕੈਥਲਿਕ ਸਕੂਲ ਦੀ ਗਰਾਉਡ ਵਿੱਚ ਕਰਵਾਇਆ 14ਵਾਂ ਖੇਡ ਮੇਲਾ ਅਮਿੱਟ ਛਾਪ ਛੱਡ ਗਿਆ, ਬੜੀ ਵੱਡੀ ਗਿਣਤੀ ਵਿੱਚ ਵਾਟਰਲੂ ਇਲਾਕੇ ਅਤੇ ਹੋਰ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਦਰਸ਼ਕ ਇਸ ਮੇਲੇ ਦਾ ਅਨੰਦ ਮਾਨਣ ਲਈ ਪਹੁੰਚੇ। ਮੇਲੇ ਵਿੱਚ ਇਕੱਠ ਨੂੰ ਦੇਖਕੇ ਪੰਜਾਬ ਦੇ ਕਿਸੇ ਪਿੰਡ ਦੇ ਮੇਲੇ ਦਾ ਭੁਲੇਖਾ ਪੈ ਰਿਹਾ ਸੀ। ਇਸ 14ਵੇਂ ਪੰਜਾਬੀ ਖੇਡ ਮੇਲੇ ਵਿੱਚ ਅੰਡਰ 10 ਤੋਂ ਅੰਡਰ 18 ਲੜਕੇ ਅਤੇ ਲੜਕੀਆਂ ਸੌਕਰ ਦੇ ਮੁਕਾਬਲੇ ਹੋਏ ਅਤੇ ਸੌਕਰ ਓਪਨ ਦੇ ਮੁਕਾਬਲੇ ਹੋਏ, ਅੰਡਰ 10 ਤੋਂ ਅੰਡਰ 18 ਦੇ ਲੜਕੇ ਅਤੇ ਲੜਕੀਆਂ ਦੀਆਂ ਦੌੜਾਂ ਕਰਵਾਈਆਂ ਗਈਆਂ, ਅੰਡਰ 10 ਤੋਂ ਅੰਡਰ 18 ਦੇ ਲੜਕੇ ਅਤੇ ਲੜਕੀਆਂ ਦੇ ਲੌਂਗ ਜੰਪ ਦੇ ਮੁਕਾਬਲੇ, ਬਾਸਕਟ ਬਾਲ, ਬੈਂਚ ਪ੍ਰੈਸ ਦੇ ਮੁਕਾਬਲੇ, ਮਰਦਾਂ ਅਤੇ ਔਰਤਾਂ ਲਈ ਰੱਸਾ ਕਸੀ ਦੇ ਮੁਕਾਬਲੇ, ਬਜ਼ੁਰਗਾਂ ਦੇ ਰੱਸੇ ਦੇ ਮੁਕਾਬਲੇ ਕਰਵਾਏ ਗਏ, ਔਰਤਾਂ ਲਈ ਗਾਗਰ ਰੇਸ, ਮਿਊਜ਼ੀਕਲ ਚੇਅਰ ਰੇਸ, ਬੱਚਿਆਂ ਲਈ ਮਿਊਜ਼ੀਕਲ ਰੇਸ, ਆਦਿ ਹੋਰ ਬਹੁਤ ਸਾਰੀਆਂ ਖੇਡਾਂ ਕਰਵਾਈਆਂ ਗਈਆਂ। ਕਬੱਡੀ ਦਾ ਸ਼ੋਅ ਮੈਚ ਮੇਲੇ ਦੀ ਸਮਾਪਤੀ ਦਾ ਸਿੰਗਾਰ ਬਣਿਆ। ਮੇਲੇ ਦੇ ਮੁੱਖ ਸਪਾਂਸਰ ਸਮਾਰਟਵੇ ਫਰੇਟ ਸਿਸਟਮ ਤੋਂ ਸ਼ਮਸ਼ੇਰ ਸਿੰਘ ਅਤੇ ਰੌਇਲ ਇੰਡੀਅਨ ਬਫੇ ਰੈਸਟੋਰੈਂਟ ਦੇ ਗੁਰਿੰਦਰ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਮਨਮੋਹਣ ਸੰਧੂ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਮੁੱਖ ਤੌਰ 'ਤੇ ਸੌਕਰ ਓਪਨ ਦੇ ਵਿੱਚ 8 ਟੀਮਾਂ ਸਨ ਇਨ੍ਹਾਂ ਵਿੱਚ ਪੰਜਾਬ ਫੁੱਟਬਾਲ ਕਲੱਬ, ਟ੍ਰਾਈਸਿਟੀ ਫੁੱਟਬਾਲ ਕਲੱਬ, ਖਾੜਕੂ ਫੁੱਟਬਾਲ ਕਲੱਬ, ਬਲੀਡਿੰਗ ਲਾਈਨਜ਼ ਕਲੱਬ 1984, ਬ੍ਰੈਟਫੋਰਡ ਫੁੱਟਬਾਲ ਕਲੱਬ, ਫੁੱਟਬਾਲ ਕਲੱਬ ਪੰਜਾਬ, ਈਗਲ ਫੁੱਟਬਾਲ ਕਲੱਬ ਅਤੇ ਰਿਵਰਸਾਈਡ ਫੁੱਟਬਾਲ ਕਲੱਬ ਇਨ੍ਹਾਂ ਵਿੱਚੋਂ ਫਾਈਨਲ ਵਿੱਚ ਈਗਲ ਫੁੱਟਬਾਲਕਲੱਬ ਜੇਤੂ ਰਹ ਅਤੇ ਪੰਜਾਬ ਫੁੱਟਬਾਲ ਕਲੱਬ ਦੂਜੇ ਸਥਾਨ 'ਤੇ ਰਹੀ। ਪਰਦੀਪ ਬੈਂਸ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਵਾਲੀਬਾਲ ਦੇ ਮੁਕਾਬਲੇ ਵਿੱਚ 4 ਟੀਮਾਂ ਸਨ ਇਨ੍ਹਾਂ ਵਿੱਚ ਕੇਵੀਸੀ ਵਾਲੀਬਾਲ ਕਲੱਬ, ਟਾਈਗਰ ਸਪੋਰਟਸ ਕਲੱਬ, ਐਸਬੀਐਸ ਕਸਰ ਅਤੇ ਐਸਬੀਐਸ ਕੈਮਬ੍ਰਿਜ ਇਨ੍ਹਾਂ ਟੀਮਾਂ ਦੇ ਫਸਵੇਂ ਮੁਕਾਬਲਿਆਂ ਵਿੱਚੋਂ ਫਾਈਨਲ ਵਿੱਚ ਕੇਵੀਸੀ ਵਾਲੀਬਾਲ ਕਲੱਬ ਦੀ ਟੀਮ ਜੇਤੂ ਰਹੀ ਅਤੇ ਟਾਈਗਰ ਸਪੋਰਟਸ ਕਲੱਬ ਦੂਜੇ ਸਥਾਨ 'ਤੇ ਰਹੀ। ਹਰਜੀਤ ਤੱਖਰ ਵਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਰੱਸੇ ਦੇ ਮੁਕਾਬਲੇ ਵਿੱਚ ਕੈਮਬ੍ਰਿਜ ਗੁਰਦੁਆਰ ਸਾਹਿਬ ਦੀ ਟੀਮ ਜੇਤੂ ਰਹੀ ਅਤੇ ਉਡਣੇ ਸੱਪ ਟੀਮ ਦੂਜੇ ਨੰਬਰ 'ਤੇ ਰਹੀ। ਬੈਂਚ ਪ੍ਰੈਸ ਦੇ ਮੁਕਾਬਲੇ ਵਿੱਚ ਰੂਪ ਅਟਵਾਲ ਜੇਤੂ ਰਿਹਾ ਅਤੇ ਜੋਧਾ ਰਾਣੂ ਦੂਜੇ ਸਥਾਨ 'ਤੇ ਰਿਹਾ, ਬੈਂਚ ਪ੍ਰੈਸ ਦੇ ਮੁਕਾਬਲਿਆਂ ਦੇ ਅਯੋਜਨ ਵਿੱਚ ਦਲਜੀਤ ਬਰਾੜ, ਕੁਲਵੰਤ ਸਿੰਘ ਅਹਿਮ ਭੂਮਿਕਾ ਨਿਭਾਈ। ਸਨਿਚਰਵਾਰ 3 ਅਗਸਤ ਅਤੇ ਐਤਵਾਰ 4 ਅਗਸਤ ਵਾਲੇ ਦਿਨ ਖੇਡਾਂ ਦੀ ਕੁਮੈਂਟਰੀ ਦੀ ਜ਼ਿਮੇਵਾਰੀ ਗੁਰਦਾਵਰ ਸੰਧੂ, ਜਸਵੰਤ ਸਿੰਘ, ਗੁਰਜੀਤ ਧਾਲੀਵਾਲ ਵਲੋਂ ਬਾਖੂਤੀ ਨਿਭਾਈ ਗਈ। ਐਤਵਾਰ 4 ਅਗਸਤ ਨੂੰ ਖੇਡਾਂ ਦੀ ਕੁਮੈਂਟਰੀ, ਕਬੱਡੀ ਦੀ ਕੁਮੈਂਟਰੀ ਵਿੱਚ ਜਾਣਿਆਂ ਪਛਾਣਿਆਂ ਨਾਂ ਸੁੰਦਰ ਧਾਲੀਵਾਲ ਵਲੋਂ ਆਪਣੇ ਵੱਖਰੇ ਅੰਦਾਜ ਵਿੱਚ ਕੀਤੀ ਗਈ ਇਨ੍ਹਾਂ ਦੇ ਨਾਲ ਗੁਰਦਾਵਰ ਸੰਧੂ, ਜਸਵੰਤ ਸਿੰਘ ਨੇ ਵੀ ਸਾਥ ਦਿੱਤਾ। ਦੋਨੇ ਦਿਨ ਸਟੇਜ ਤੋਂ ਮੇਲੇ ਦੇ ਸਾਰੇ ਸਪਾਂਸਰਜ਼ ਦਾ ਧੰਨਵਾਦ ਕੀਤਾ ਗਿਆ।
ਮੁੱਖ ਮਹਿਮਾਨਾਂ ਵਿੱਚ ਕੈਮਬ੍ਰਿਜ ਦੀ ਮੇਅਰ ਜੈਨ ਲਿਗੈਟ, ਐਮਪੀ ਬ੍ਰਾਇਨ ਮੇਅ, ਕਿਚਨਰ ਸਾਊਥ-ਹੈਸਪਲਰ ਤੋਂ ਐਮਪੀ ਵਲੇਰੀ ਬ੍ਰੈਡਫਰਡ, ਵਾਟਰਲੂ ਪੁਲਿਸ ਚੀਫ ਮਾਰਕ ਵੈਲ ਅਤੇ ਉਨ੍ਹਾਂ ਦੇ ਸਹਿਯੋਗੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਕੈਂਮਬ੍ਰਿਜ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਮੁੱਖ ਸੇਵਾਦਾਰ ਸੁਖਵਿੰਦਰ ਸਮਰਾ ਵਲੋਂ ਸਮੂਹ ਸਪਾਂਸਰ ਵੀਰਾਂ/ਭੈਣਾਂ ਦਾ, ਸਾਰੇ ਵਲੰਟੀਅਰਜ਼ ਦਾ ਅਤੇ ਸਮੂਹ ਦਰਸ਼ਕਾਂ ਦਾ, ਮੀਡੀਆ ਸਹਿਯੋਗੀ ਪੰਜਾਬ ਸਟਾਰ, ਹਮਦਰਦ, ਪੰਜਾਬੀ ਪੋਸਟ ਅਤੇ ਪਰਵਾਸੀ ਮੀਡੀਆ ਦਾ ਇਸ ਮੇਲੇ ਨੂੰ ਕਾਮਯਾਬ ਕਰਨ ਲਈ ਬਹੁਤ ਧੰਨਵਾਦ ਕੀਤਾ। ਇਸ ਤਰ੍ਹਾਂ ਦੇ ਵੱਡੇ ਸਮਾਗਮ ਨੂੰ ਨੇਪਰੇ ਚਾੜ੍ਹਣ ਲਈ ਵੱਡੀ ਟੀਮ ਹੁੰਦੀ ਹੈ ਇਨ੍ਹਾਂ ਵਿੱਚ ਹੈਰੀ ਬੈਂਸ, ਸਰਬਜੀਤ ਸੰਧੂ, ਅਮਨਦੀਪ ਮੁਸ਼ੀਆਣਾ, ਜਸ ਸਾਦੜਾ, ਬਹਾਦਰ ਖੇਲਾ, ਬਲਜੀਤ ਭੁੱਲਰ, ਹਰਵਿੰਦਰ ਗਰਚਾ, ਜਗਦੀਪ ਪੁਰਬਾ, ਜਸਵੀਰ ਬਰਾੜ, ਹੀਰਾ ਗਿੱਲ, ਟਿੱਕਾ ਸਿੰਘ, ਅਮਨ ਹੈਸ, ਵਿੰਦਾ ਸੰਧੂ, ਰਣਜੀਤ ਸਿੰਘ, ਰਜਿੰਦਰ ਨਾਗਰਾ, ਮੱਖਣ ਸਿੰਘ ਬਡਿਆਲ, ਸੁਖਵੰਤ ਸੰਧੂ, ਮੱਖਣ ਸਮਰਾ ਆਦਿ ਬਹੁਤ ਵੱਡੀ ਟੀਮ ਨੇ ਦਿਨ ਰਾਤ ਮਹਿਨਤ ਕੀਤੀ। ਮੇਲੇ ਦੀ ਫੋਟੋਗਰਾਫੀ ਪ੍ਰਿੰਸ ਵਲੋਂ ਕੀਤੀ ਗਈ।
ਦੋਨੋ ਦਿਨ ਜਿੱਥੇ ਕੈਮਬ੍ਰਿਜ ਗੁਰਦੁਆਰਾ ਸਾਹਿਬ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ, ਉਸ ਦੇ ਨਾਲ ਵੱਖ ਵੱਖ ਵਿਪਾਰਿਕ ਅਦਾਰਿਆਂ ਵਲੋਂ ਵੀ ਖਾਣ/ਪੀਣ ਦੇ ਸਟਾਲ ਲਾਏ ਗਏ ਸਨ, ਜਿਨ੍ਹਾਂ ਵਿੱਚ ਚਾਨੀਆਂ ਟ੍ਰਾਂਸਪੋਰਟ, ਚੜ੍ਹਦੀਕਲਾ ਸਪੋਰਟਸ ਕਲੱਬ, ਪਾਪੂਲਰ ਪੀਜ਼ਾ, ਜੀਨੋਜ਼ ਪੀਜ਼ਾ, ਅਲਾਇੰਸ ਪੇਵਿੰਗ, ਓਮੇਗਾ ਕੈਰੀਅਰ ਵਲੋਂ ਵੱਧ ਚੜ੍ਹਕੇ ਸੇਵਾ ਕੀਤੀ ਗਈ। ਭਹੁਤੇ ਸਾਰੇ ਵਿਓਪਾਰੀ ਵੀਰਾਂ/ਭੈਣਾਂ ਵਲੋਂ ਵੱਖ-ਵੱਖ ਸਟਾਲ ਵੀ ਲਾਏ ਗਏ। ਦੋਨੇ ਦਿਨ ਦਰਸਕਾਂ ਨੇ ਮੇਲੇ ਦਾ ਖੂਭ ਅਨੰਦ ਮਾਣਿਆ।