ਕੀਵ, 9 ਜੁਲਾਈ (ਪੋਸਟ ਬਿਊਰੋ): ਰੂਸ ਨੇ ਯੂਕਰੇਨ ਵਿਚ ਬੱਚਿਆਂ ਦੇ ਹਸਪਤਾਲ 'ਤੇ ਹਵਾਈ ਹਮਲਾ ਕੀਤਾ। ਜਿਸ ਵਿਚ 41 ਲੋਕਾਂ ਦੀ ਮੌਤ ਹੋ ਗਈ ਅਤੇ 170 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਮਲਾ ਸੋਮਵਾਰ ਨੂੰ ਕੀਵ ਵਿੱਚ ਹੋਇਆ। ਇਸ ਤੋਂ ਬਾਅਦ 600 ਤੋਂ ਵੱਧ ਮਰੀਜ਼ਾਂ ਨੂੰ ਹਸਪਤਾਲ ਤੋਂ ਦੂਜੀ ਥਾਂ 'ਤੇ ਸਿ਼ਫਟ ਕੀਤਾ ਗਿਆ।
ਹਮਲੇ ਤੋਂ ਥੋੜ੍ਹੀ ਦੇਰ ਬਾਅਦ ਹਸਪਤਾਲ ਦੀ ਇਮਾਰਤ ਢਹਿ ਗਈ। ਪੁਲਸ ਨੇ ਦੱਸਿਆ ਕਿ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਬਾਕੀ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਹਮਲਾ ਅਜਿਹੇ ਸਮੇਂ ਕੀਤਾ ਗਿਆ ਜਦੋਂ ਹਸਪਤਾਲ 'ਚ ਭੀੜ-ਭੜੱਕਾ ਸੀ।
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਇਸ ਘਟਨਾ 'ਤੇ ਵਿਸ਼ੇਸ਼ ਬੈਠਕ ਬੁਲਾਈ ਹੈ। ਇਸ ਤੋਂ ਪਹਿਲਾਂ ਜ਼ੇਲੇਂਸਕੀ ਨੇ ਫੌਜੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਵੀ ਬੁਲਾਈ ਸੀ।
ਬਚਾਅ ਟੀਮਾਂ ਅਤੇ ਸਥਾਨਕ ਲੋਕ ਮਲਬੇ ਨੂੰ ਹਟਾ ਕੇ ਲੋਕਾਂ ਨੂੰ ਬਚਾਉਣ ਦੀ ਕੋਸਿ਼ਸ਼ ਕਰ ਰਹੇ ਹਨ। ਲੋਕਾਂ ਮੁਤਾਬਕ ਹਾਲੇ ਵੀ ਕਈ ਲੋਕ ਮਲਬੇ ਹੇਠਾਂ ਦੱਬੇ ਹੋਏ ਹਨ। ਹਮਲਾ ਇਨਾ ਵੱਡਾ ਸੀ ਕਿ ਆਸ-ਪਾਸ ਦੀਆਂ 100 ਤੋਂ ਵੱਧ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ।