ਟੋਰਾਂਟੋ, 22 ਅਪਰੈਲ (ਪੋਸਟ ਬਿਊਰੋ) : ਸੋਮਵਾਰ ਨੂੰ ਵੈਲਸਲੇ ਸਟੇਸ਼ਨ ਉੱਤੇ ਸਬਵੇਅ ਟਰੇਨ ਵਿੱਚ ਸਵਾਰ ਇੱਕ ਵਿਅਕਤੀ, ਜੋ ਕਿ ਆਪਣੇ 20ਵਿਆਂ ਵਿੱਚ ਸੀ, ਨੂੰ ਚਾਕੂ ਮਾਰ ਦਿੱਤਾ ਗਿਆ।
ਪੁਲਿਸ ਅਧਿਕਾਰੀਆਂ ਨੂੰ ਇਸ ਘਟਨਾ ਦੀ ਜਾਣਕਾਰੀ ਦੇ ਕੇ ਦੁਪਹਿਰੇ 4:45 ਉੱਤੇ ਸਟੇਸ਼ਨ ਸੱਦਿਆ ਗਿਆ। ਜ਼ਖ਼ਮੀ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ। ਇੱਕ ਮਸ਼ਕੂਕ ਨੂੰ ਸਟੇਸ਼ਨ ਉੱਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਮਲਾ ਸੋਚ ਸਮਝ ਕੇ ਕੀਤਾ ਗਿਆ ਸੀ ਜਾਂ ਅਚਾਨਕ ਕੀਤਾ ਗਿਆ ਸੀ।
ਇਸ ਘਟਨਾ ਤੋਂ ਬਾਅਦ ਗੱਡੀਆਂ ਵੈਲਸਲੇ ਸਟੇਸ਼ਨ ਨੂੰ ਬਾਈਪਾਸ ਕਰਕੇ ਜਾ ਰਹੀਆਂ ਸਨ ਪਰ ਹੁਣ ਰੈਗੂਲਰ ਸਰਵਿਸ ਸੁ਼ਰੂ ਹੋ ਗਈ ਹੈ। ਟੋਰਾਂਟੋ ਵਿੱਚ ਇੱਕ ਘੰਟੇ ਦੇ ਅੰਦਰ ਅੰਦਰ ਵਾਪਰੀ ਛੁਰੇਬਾਜ਼ੀ ਦੀ ਇਹ ਦੂਜੀ ਘਟਨਾ ਸੀ। ਦੁਪਹਿਰੇ 4:00 ਵਜੇ ਤੋਂ ਪਹਿਲਾਂ ਇਟੋਬੀਕੋ ਦੇ ਇਸਲਿੰਗਟਨ ਐਵਨਿਊ ਤੇ ਬਲੂਅਰ ਸਟਰੀਟ ਵੈਸਟ ਏਰੀਆ ਵਿੱਚ ਇੱਕ 18 ਸਾਲਾ ਵਿਅਕਤੀ ਨੂੰ ਚਾਕੂ ਮਾਰਿਆ ਗਿਆ ਸੀ। ਇਸ ਘਟਨਾ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਿਆ।