ਸਰ੍ਹੀ, 28 ਮਾਰਚ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਸਰ੍ਹੀ ਵਿੱਚ ਐਲਾਨ ਕੀਤਾ ਕਿ ਦੇਸ਼ ਭਰ ਵਿੱਚ ਚਾਈਲਡ ਕੇਅਰ 10 ਡਾਲਰ ਰੋਜ਼ਾਨਾਂ ਰੱਖਣ ਲਈ ਇੱਕ ਬਿਲੀਅਨ ਡਾਲਰ ਦਾ ਨਿਵੇਸ਼ ਕਰਨਗੇ।
ਟਰੂਡੋ ਨੇ ਆਖਿਆ ਕਿ 2024 ਦਾ ਬਜਟ, ਜੋ ਕਿ ਅਗਲੇ ਮਹੀਨੇ ਪੇਸ਼ ਕੀਤਾ ਜਾਣਾ ਹੈ, ਤਹਿਤ ਲੋਅ ਕੌਸਟ ਲੋਨ ਤੇ ਗ੍ਰਾਂਟਾਂ ਸਿੱਧੇ ਤੌਰ ਉੱਤੇ ਪਬਲਿਕ ਤੇ ਗੈਰਮੁਨਾਫੇ ਵਾਲੇ ਚਾਈਲਡ ਕੇਅਰ ਪ੍ਰੋਵਾਈਡਰਜ਼ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ। ਇਹ ਫੰਡ ਸੀਐਮਐਚਸੀ ਰਾਹੀਂ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਹਾਊਸਿੰਗ ਆਦਿ ਦੇ ਨਾਲ ਨਾਲ ਚਾਈਲਡ ਕੇਅਰ ਦਾ ਵੀ ਵਿਕਾਸ ਹੋਵੇਗਾ। ਉਨ੍ਹਾਂ ਆਖਿਆ ਕਿ ਹੁਣ ਤੱਕ ਉਹ 100,000 ਸਪੇਸਿਜ਼ ਨੂੰ ਫੰਡ ਕਰ ਚੁੱਕੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ।
ਟਰੂਡੋ ਨੇ ਆਖਿਆ ਕਿ ਇਸ ਪ੍ਰੋਗਰਾਮ ਰਾਹੀਂ ਹਰ ਨਿੱਕੇ ਬੱਚੇ ਨੂੰ ਜਿ਼ੰਦਗੀ ਵਿੱਚ ਚੰਗੀ ਸ਼ੁਰੂਆਤ ਮਿਲ ਸਕੇਗੀ। ਉਨ੍ਹਾਂ ਆਖਿਆ ਕਿ ਚੰਗੀ ਮਿਆਰੀ ਚਾਈਲਡ ਕੇਅਰ ਨਾਲ ਬੱਚਿਆਂ ਨੂੰ ਸਕੂਲ ਵਿੱਚ ਬਿਹਤਰ ਕਾਰਗੁਜ਼ਾਰੀ ਤੱਕ ਪਹੁੰਚ ਮਿਲੇਗੀ ਤੇ ਜਿ਼ੰਦਗੀ ਵਿੱਚ ਸਫਲਤਾ ਦਾ ਰਾਹ ਖੁੱਲ੍ਹੇਗਾ। ਇਸ ਨਾਲ ਯੰਗ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਿਹਤਰ ਢੰਗ ਨਾਲ ਪਾਲਣ ਦਾ ਮੌਕਾ ਮਿਲੇਗਾ ਤੇ ਉਹ ਇਸ ਦੇ ਨਾਲ ਹੀ ਆਪਣੇ ਕਰੀਅਰ ਵੀ ਸਵਾਰ ਸਕਣਗੇ। ਉਨ੍ਹਾਂ ਇਹ ਵੀ ਆਖਿਆ ਕਿ ਯੋਗ ਚਾਈਲਡ ਕੇਅਰ ਸੈਂਟਰਜ਼ ਨੂੰ ਨਵੀਆਂ ਸਪੇਸਿਜ਼ ਬਣਾਉਣ ਤੇ ਪੁਰਾਣੀਆਂ ਨੂੰ ਰੈਨੋਵੇਟ ਕਰਵਾਉਣ ਲਈ 60 ਮਿਲੀਅਨ ਡਾਲਰ ਵਾਧੂ ਮੁਹੱਈਆ ਕਰਵਾਏ ਜਾਣਗੇ।
ਟਰੂਡੋ ਨੇ ਇਹ ਵੀ ਆਖਿਆ ਕਿ ਲਿਬਰਲ ਸਰਕਾਰ ਰੂਰਲ ਤੇ ਰਿਮੋਟ ਅਰਲੀ ਚਾਈਲਡਹੁੱਡ ਐਜੂਕੇਟਰਜ਼ ਦੇ ਸਟੂਡੈਂਟ ਲੋਨ ਮੁਆਫ ਕਰਨ ਦੀ ਪੇਸ਼ਕਸ਼ ਵੀ ਰੱਖੇਗੀ ਤੇ ਉਨ੍ਹਾਂ ਨੂੰ ਵਾਧੂ ਟਰੇਨਿੰਗ ਦੇਣ ਲਈ ਦੋ ਸਾਲਾਂ ਵਿੱਚ 10 ਮਿਲੀਅਨ ਡਾਲਰ ਤੋਂ ਵਧ ਵੀ ਖਰਚ ਕਰੇਗੀ। ਇਹ ਉਸ ਤਰ੍ਹਾਂ ਦਾ ਪ੍ਰੋਗਰਾਮ ਹੀ ਹੋਵੇਗਾ ਜਿਹੜਾ ਰੂਰਲ ਡਾਕਟਰਾਂ ਤੇ ਨਰਸਾਂ ਲਈ ਚਲਾਇਆ ਜਾਂਦਾ ਹੈ।