ਟੋਰਾਂਟੋ, 18 ਸਤੰਬਰ (ਪੋਸਟ ਬਿਊਰੋ) : ਓਲੀਵੀਆ ਚਾਓ ਦੇ ਟੋਰਾਂਟੋ ਦੀ ਮੇਅਰ ਬਣਨ ਤੋਂ ਬਾਅਦ ਸੋਮਵਾਰ ਨੂੰ ਅਜਿਹਾ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਪ੍ਰੀਮੀਅਰ ਡੱਗ ਫੋਰਡ ਨਾਲ ਮੁਲਾਕਾਤ ਕਰੇਗੀ। ਇਸ ਦੌਰਾਨ ਟੋਰਾਂਟੋ ਦਾ ਘਾਟਾ ਤੇ ਸੈ਼ਲਟਰ ਸਬੰਧੀ ਸੰਕਟ ਵਰਗੇ ਮੁੱਦੇ ਵਿਚਾਰੇ ਜਾਣਗੇ।
ਸਿਟੀ ਦੀ ਬਜਟ ਦੀ ਘਾਟ ਨਾਲ ਨਜਿੱਠਣ ਲਈ ਕਿਸੇ ਤਰ੍ਹਾਂ ਦਾ ਨਵਾਂ ਵਿੱਤੀ ਪ੍ਰਬੰਧ ਕਰਨ ਵਾਸਤੇ ਚਾਓ ਵੱਲੋਂ ਫੋਰਡ ਉੱਤੇ ਦਬਾਅ ਪਾਏ ਜਾਣ ਦੀ ਸੰਭਾਵਨਾ ਹੈ। ਅਗਲੇ ਸਾਲ ਤੱਕ ਬਜਟ ਦਾ ਇਹ ਘਾਟਾ 1·5 ਬਿਲੀਅਨ ਡਾਲਰ ਤੱਕ ਪਹੁੰਚਣ ਦਾ ਖਦਸ਼ਾ ਹੈ।ਸਿਟੀ ਸਟਾਫ ਦਾ ਕਹਿਣਾ ਹੈ ਕਿ ਸਿਟੀ ਦੇ ਸਾਲਾਨਾ ਬਜਟ ਦਾ ਇੱਕ ਬਿਲੀਅਨ ਡਾਲਰ ਟੋਰਾਂਟੋ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਸਰਕਾਰ ਦੇ ਹੋਰਨਾਂ ਪੱਧਰਾਂ ਸਬੰਧੀ ਸੇਵਾਵਾਂ ਹਨ ਜਿਨ੍ਹਾਂ ਵਿੱਚ ਐਮਰਜੰਸੀ ਸ਼ੈਲਟਰ, ਹਾਊਸਿੰਗ ਤੇ ਹੋਰ ਸੋਸ਼ਲ ਸਰਵਿਸਿਜ਼ ਮੁੱਖ ਹਨ।
ਸੋਮਵਾਰ ਨੂੰ ਚਾਓ ਨੇ ਇੱਕ ਇੰਟਰਵਿਊ ਵਿੱਚ ਆਖਿਆ ਕਿ ਉਨ੍ਹਾਂ ਦੀ ਤਰਜੀਹ ਇਹ ਹੋਵੇਗੀ ਕਿ ਟੋਰਾਂਟੋ ਵਾਸੀਆਂ ਦੀ ਜਿ਼ੰਦਗੀ ਦਾ ਮਿਆਰ ਬਿਹਤਰ ਹੋਵੇ, ਉਨ੍ਹਾਂ ਦੀ ਜਿ਼ੰਦਗੀ ਵਧੇਰੇ ਅਫੋਰਡੇਬਲ ਹੋਵੇ, ਉਨ੍ਹਾਂ ਕੋਲ ਅਫੋਰਡੇਬਲ ਘਰ ਹੋਣ, ਚੰਗਾ ਟਰਾਂਜਿ਼ਟ ਸਿਸਟਮ ਹੋਵੇ ਤੇ ਸੜਕਾਂ ਸੁਰੱਖਿਅਤ ਹੋਣ।ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ 1·5 ਬਿਲੀਅਨ ਡਾਲਰ ਦਾ ਘਾਟਾ ਵਿਰਸੇ ਵਿੱਚ ਮਿਲਿਆ ਹੈ ਪਰ ਪ੍ਰੋਵਿੰਸ ਆਫ ਓਨਟਾਰੀਓ ਦੀ ਮਦਦ ਨਾਲ ਉਹ ਇਸ ਨੂੰ ਘਟਾ ਸਕਦੀ ਹੈ।
ਇਹ ਮੀਟਿੰਗ ਕੁਈਨਜ਼ ਪਾਰਕ ਵਿਖੇ ਦੁਪਹਿਰੇ 1:00 ਵਜੇ ਹੋਵੇਗੀ ਤੇ ਮੀਡੀਆ ਨੂੰ ਦੋਵੇਂ ਆਗੂ 2:00 ਵਜੇ ਸੰਬੋਧਨ ਕਰਨਗੇ।