* 8 ਲੱਖ ਡਾਲਰ ਵਾਲੇ ਘਰ ਦੇ ਕਰਜ਼ੇ `ਤੇ ਵੀ ਹੋਵੇਗੀ ਬੱਚਤ
ਓਟਾਵਾ, 28 ਅਕਤੂਬਰ (ਪੋਸਟ ਬਿਊਰੋ): ਕਾਮਨ ਸੈਂਸ ਕੰਜ਼ਰਵੇਟਿਵ ਲੀਡਰ ਪਿਅਰੇ ਪੋਲਿਏਵਰ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਬਣਨ `ਤੇ ਉਹ 1 ਮਿਲੀਅਨ ਡਾਲਰ ਤੋਂ ਘੱਟ ਕੀਮਤ ਦੇ ਮਕਾਨਾਂ `ਤੇ ਫੈਡਰਲ ਸੇਲਜ਼ ਟੈਕਸ ( ਜਾਂ ਜੀਐੱਸਟੀ) `ਤੇ ਕੱਟ ਲਾਉਣਗੇ, ਜਿਸ ਨਾਲ ਕਿ ਹਰ ਸਾਲ 30 ਹਜ਼ਾਰ ਹੋਰ ਨਵੇਂ ਘਰ ਬਣਨਗੇ। ਉਹ ਸੂਬਾ ਸਰਕਾਰਾਂ ਨੂੰ ਵੀ ਨਵੇਂ ਘਰਾਂ ਤੋਂ ਵਿਕਰੀ ਕਰ ਹਟਾਉਣ ਲਈ ਜ਼ੋਰ ਪਾਉਣਗੇ, ਜਿਸ ਨਾਲ ਕਿ ਘਰ ਖ਼ਰੀਦਣ ਵਾਲਿਆਂ ਦੇ ਹਜ਼ਾਰਾਂ ਡਾਲਰਾਂ ਦੀ ਬੱਚਤ ਹੋਵੇਗੀ।
ਇਹ ਐਲਾਨ ਘਰ ਬਣਾਉਣ ਦੀ ਲਾਗਤ ਵਿਚ ਐੱਨਡੀਪੀ-ਲਿਬਰਲ ਸਰਕਾਰ ਵੇਲੇ ਪਿਛਲੇ 9 ਸਾਲਾਂ ਵਿਚ ਹੋਏ ਵਾਧੇ ਨੂੰ ਦੇਖਦਿਆਂ ਕੀਤਾ ਗਿਆ ਹੈ, ਜੋ ਕਿ ਕਿਸੇ ਵੀ ਜੀ7 ਦੇਸ਼ ਵਿਚ ਸਭ ਤੋਂ ਜਿ਼ਆਦਾ ਹੈ।
ਜਸਟਿਨ ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਘਰ ਦੀ ਮਾਲਕੀ ਦੀ ਲਾਗਤ ਨੂੰ ਕਵਰ ਕਰਨ ਲਈ ਘਰੇਲੂ ਕਮਾਈ ਦਾ ਕੇਵਲ 39 ਫ਼ੀਸਦੀ ਹੀ ਲੱਗਦਾ ਸੀ, ਜੋ ਕਿ ਹੁਣ ਕਰੀਬ 60 ਫ਼ੀਸਦੀ ਹੋ ਗਿਆ ਹੈ। ਕੰਮਕਾਜੀ ਵਰਗ ਲਈ ਪਹਿਲਾਂ ਘਰ ਖਰੀਦਣਾ ਆਮ ਜਿਹੀ ਗੱਲ ਹੁੰਦੀ ਸੀ, ਹੁਣ 80 ਫ਼ੀਸਦੀ ਕੈਨੇਡੀਅਨ ਪੋਲ ਕਰਨ ਵਾਲਿਆਂ ਨੂੰ ਦੱਸਦੇ ਹਨ ਕਿ ਘਰ ਖ਼ਰੀਦਣਾ ਬਹੁਤ ਅਮੀਰ ਲੋਕਾਂ ਦੇ ਵੱਸ ਦਾ ਹੀ ਹੈ ਅਤੇ ਹੁਣ ਇਕੱਲੇ ਓਂਟਾਰੀਓ ਵਿਚ ਹੀ ਬੇਘਰਾਂ ਲਈ 1400 ਕੈਂਪ ਹਨ। ਓਂਟਾਰੀਓ ਅਤੇ ਬ੍ਰਿਟਿਸ਼ ਕੋਲੰਬਿਆ ਵਿੱਚ ਨਵੇਂ ਘਰ ਦੀ ਲਾਗਤ ਵਿਚ 30 ਫ਼ੀਸਦੀ ਤੋਂ ਵੱਧ ਸਰਕਾਰੀ ਖ਼ਰਚ ਹੈ।
ਓਂਟਾਰੀਓ ਵਿਚ ਨਵੇਂ ਘਰ ‘ਤੇ ਕੁਲ ਟੈਕਸਾਂ ਦਾ ਕਰੀਬ 39 ਫ਼ੀਸਦੀ ਓਟਵਾ ਵਿਚ ਰਾਜਨੇਤਾਵਾਂ ਅਤੇ ਨੌਕਰਸ਼ਾਹਾਂ ਨੂੰ ਜਾਂਦਾ ਹੈ। ਅਜਿਹਾ ਹੀ ਇਕ ਕਰ ਜੀਐਸਟੀ ਹੈ, ਜਿਸ ਨਾਲ ਕਿ 1 ਮਿਲੀਅਨ ਡਾਲਰ ਦੇ ਘਰ ਦੀ ਲਾਗਤ 50 ਹਜ਼ਾਰ ਡਾਲਰ ਵਧ ਜਾਂਦੀ ਹੈ।
ਕਾਮਨ ਸੈਂਸ ਕੰਜ਼ਰਵੇਟਿਵ ਇਨ੍ਹਾਂ ਨੌਕਰਸ਼ਾਹਾਂ ਦੇ ਪ੍ਰੋਗਰਾਮਾਂ ਵਿਚੋਂ ਟੈਕਸ ਦੇ ਰੂਪ ਵਿਚ 8 ਬਿਲੀਅਨ ਡਾਲਰ ਕੱਟ ਕਰਕੇ ਘਰ ਖ਼ਰੀਦਣ ਵਾਲਿਆਂ ਦੀ ਮੱਦਦ ਕਰੇਗੀ। ਜਿਸ ਨਾਲ ਕਿ ਹੋਰ ਨਵੇਂ ਘਰ ਬਣਨਗੇ ਅਤੇ ਨਿਰਮਾਣ ਕਾਮੇ ਤੇ ਕਾਰੋਬਾਰੀਆਂ ਦੀ ਅਮਦਨ ਵਧੇਗੀ। ਸਰਕਾਰ ਦੀ ਆਮਦਨ ਵੀ 2.1 ਬਿਲੀਅਨ ਡਾਲਰ ਤੱਕ ਵਧੇਗੀ। ਸਿਰਫ ਕਾਮਨ ਸੈਂਸ ਕੰਜ਼ਰਵੇਟਿਵਜ਼ ਕੈਨੇਡਾ ਦੇ ਵਾਅਦੇ ਨੂੰ ਪੂਰਾ ਕਰਨਗੇ।