ਟੋਰਾਂਟੋ, 28 ਅਕਤੂਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਰਾਤ ਸ਼ਹਿਰ ਵਿੱਚ ਹੋਈ ਗੋਲੀਬਾਰੀ ਵਿੱਚ ਸ਼ਾਮਿਲ ਇੱਕ ਸ਼ੱਕੀ ਵਾਹਨ ਈਟੋਬਿਕੋਕ ਸਕੂਲ ਵਿੱਚ ਵੜ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਜਖ਼ਮੀ ਹੋ ਗਿਆ ਸੀ।
ਗੋਲੀਬਾਰੀ ਦੀ ਸੂਚਨਾ ਮਿਲਣ `ਤੇ ਰਾਤ 9:30 ਵਜੇ ਦੇ ਕਰੀਬ ਸ਼ੇਰਬੋਰਨ ਅਤੇ ਡੰਡਾਸ ਸਟਰੀਟ ਦੇ ਇਲਾਕੇ ਵਿੱਚ ਅਧਿਕਾਰੀਆਂ ਨੂੰ ਬੁਲਾਇਆ ਗਿਆ। ਜਦੋਂ ਉਹ ਘਟਨਾ ਸਥਾਨ `ਤੇ ਪਹੁੰਚੇ, ਤਾਂ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਜ਼ਖਮੀ ਵਿਅਕਤੀ ਮਿਲਿਆ, ਪਰ ਉਸਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਸੀ।
ਪੁਲਿਸ ਨੇ ਇੱਕ ਪੁਰਸ਼ ਅਤੇ ਇੱਕ ਔਰਤ ਦੇ ਰੂਪ ਵਿੱਚ ਪਹਿਚਾਣੇ ਗਏ ਦੋ ਸ਼ੱਕੀਆਂ ਨੂੰ ਇੱਕ ਵਾਹਨ ਵਿੱਚ ਘਟਨਾ ਸਥਾਨ ਤੋਂ ਭੱਜਦੇ ਹੋਏ ਵੇਖਿਆ। ਬਾਅਦ ਵਿੱਚ ਵਾਹਨ ਨੂੰ ਸ਼ੂਟਿੰਗ ਥਾਂ ਤੋਂ 25 ਕਿਲੋਮੀਟਰ ਤੋਂ ਜਿ਼ਆਦਾ ਦੂਰ, ਈਟੋਬਿਕੋਕ ਵਿੱਚ ਪਾਇਆ ਗਿਆ ਅਤੇ ਇਹ ਵਾਹਨ ਦੁਰਘਟਨਾ ਵਿੱਚ ਸ਼ਾਮਿਲ ਸੀ। ਇੱਕ ਸ਼ੱਕੀ ਘਟਨਾ ਸਥਾਨ ਤੋਂ ਪੈਦਲ ਭੱਜ ਗਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਵਧਾਨੀ ਦੇ ਤੌਰ ਉੱਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ।
ਸੋਮਵਾਰ ਦੀ ਸਵੇਰੇ ਪੁਲਿਸ ਨੇ ਪੁਸ਼ਟੀ ਕੀਤੀ ਕਿ ਵਾਹਨ ਵੇਸਟਵੇਅ ਅਤੇ ਕਿਪਲਿੰਗ ਏਵੇਨਿਊ ਕੋਲ ਡਿਕਸਨ ਗਰੋਵ ਮਿਡਲ ਸਕੂਲ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਅਤੇ ਉਸ ਵਿੱਚ ਅੱਗ ਲੱਗ ਗਈ। ਪੁਲਿਸ ਨੇ ਇਹ ਨਹੀਂ ਦੱਸਿਆ ਕਿ ਉਸ ਸਮੇਂ ਇਮਾਰਤ ਅੰਦਰ ਕੋਈ ਸੀ ਜਾਂ ਨਹੀਂ।
ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਦੁਰਘਟਨਾ ਤੋਂ ਪਹਿਲਾਂ ਪੁਲਿਸ ਸ਼ੱਕੀ ਵਾਹਨ ਦਾ ਪਿੱਛਾ ਕਰ ਰਹੀ ਸੀ ਜਾਂ ਨਹੀਂ। ਗ੍ਰਿਫ਼ਤਾਰੀ ਦੇ ਸਮੇਂ ਇੱਕ ਬੰਦੂਕ ਬਰਾਮਦ ਕੀਤੀ ਗਈ, ਪੁਲਿਸ ਨੇ ਕਿਹਾ ਕਿ ਕੋਈ ਹੋਰ ਸ਼ੱਕੀ ਹਾਲੇ ਤੱਕ ਫੜ੍ਹਿਆ ਨਹੀਂ ਗਿਆ ਹੈ।