ਟੋਰਾਂਟੋ, 9 ਜੂਨ (ਪੋਸਟ ਬਿਊਰੋ) : ਇਸ ਹਫਤੇ ਨਵੇਂ ਸਰਵੇਖਣ ਦੇ ਨਤੀਜਿਆਂ ਮੁਤਾਬਕ ਟੋਰਾਂਟੋ ਦੇ ਮੇਅਰ ਦੇ ਅਹੁਦੇ ਦੀ ਦੌੜ ਵਿੱਚ ਸੱਭ ਤੋਂ ਮੂਹਰੇ ਚੱਲ ਰਹੀ ਓਲੀਵੀਆ ਚਾਓ ਦੇ ਸਮਰਥਨ ਵਿੱਚ ਥੋੜ੍ਹੀ ਕਮੀ ਦਰਜ ਕੀਤੀ ਗਈ ਹੈ ਤੇ ਇਸ ਦੌਰਾਨ ਐਨਾ ਬਾਇਲਾਓ ਦੇ ਸਮਰਥਨ ਵਿੱਚ ਵਾਧਾ ਰਿਕਾਰਡ ਕੀਤਾ ਗਿਆ ਹੈ।
ਜੇ ਅੱਜ ਹੀ ਚੋਣਾਂ ਹੁੰਦੀਆਂ ਹਨ ਤਾਂ 29 ਫੀ ਸਦੀ ਤੈਅਸੁਦਾ ਵੋਟਰਜ਼ ਵੱਲੋਂ ਚਾਓ ਦੇ ਹੱਕ ਵਿੱਚ ਹੀ ਵੋਟ ਭੁਗਤਾਈ ਜਾਵੇਗੀ ਜਦਕਿ 20 ਫੀ ਸਦੀ ਬਾਇਲਾਓ ਨੂੰ ਚੁਣਨਗੇ।ਮੇਨਸਟਰੀਮ ਰਿਸਰਚ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਤੋਂ ਸਾਹਮਣੇ ਆਇਆ ਕਿ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਮੂਹਰੇ ਚੱਲ ਰਹੀ ਚਾਓ ਦੇ ਸਮਰਥਨ ਵਿੱਚ ਤਿੰਨ ਪਰਸੈਨਟੇਜ ਪੁਆਇੰਟ ਦੀ ਕਮੀ ਦਰਜ ਕੀਤੀ ਗਈ ਹੈ, ਜਕਿ ਬਾਇਲਾਓ ਨੂੰ ਚਾਰ ਅੰਕਾਂ ਦਾ ਫਾਇਦਾ ਹੋਇਆ ਹੈ।
ਸਰਵੇਖਣ ਮੁਤਾਬਕ 13 ਫੀ ਸਦੀ ਸਮਰਥਨ ਨਾਲ ਮਾਰਕ ਸਾਂਡਰਸ ਤੀਜੇ ਸਥਾਨ ਉੱਤੇ ਤੇ 11 ਫੀ ਸਦੀ ਸਮਰਥਨ ਨਾਲ ਜੋਸ਼ ਮੈਟਲੋਅ ਚੌਥੇ ਸਥਾਨ ਉੱਤੇ ਚੱਲ ਰਹੇ ਹਨ। ਮਿਤਜ਼ੀ ਹੰਟਰ ਤੇ ਐਂਥਨੀ ਫਰੇ 9 ਫੀ ਸਦੀ ਸਮਰਥਨ ਨਾਲ ਬਰਾਬਰੀ ਉੱਤੇ ਚੱਲ ਰਹੇ ਹਨ। ਉਨ੍ਹਾਂ ਤੋਂ ਬਾਅਦ ਬ੍ਰੈਡ ਬੈ੍ਹੱਡਫੋਰਡ ਦਾ ਨੰਬਰ ਹੈ, ਜਿਹੜੈ 4 ਫੀ ਸਦੀ ਸਮਰਥਨ ਨਾਲ ਪਿੱਛੇ ਚੱਲ ਰਹੇ ਹਨ ਤੇ 3 ਫੀ ਸਦੀ ਸਮਰਥਨ ਨਾਲ ਕਲੋਏ ਬ੍ਰਾਊਨ ਫਾਡੀ ਹਨ।