ਓਨਟਾਰੀਓ, 6 ਜੂਨ (ਪੋਸਟ ਬਿਊਰੋ) : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮੰਗਲਵਾਰ ਨੂੰ ਸਵੇਰੇ ਕਾਤਲ ਪਾਲ ਬਰਨਾਰਡੋ ਨੂੰ ਘੱਟ ਸਕਿਊਰਿਟੀ ਵਾਲੀ ਜੇਲ੍ਹ ਵਿੱਚ ਰੱਖਣ ਦੇ ਕੁਰੈਕਸ਼ਨਲ ਸਰਵਿਸ ਆਫ ਕੈਨੇਡਾ ਦੇ ਫੈਸਲੇ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੇ ਸ਼ਖ਼ਸ ਨਾਲ ਰਿਆਇਤ ਵਰਤਣਾ ਸਹੀ ਨਹੀਂ ਹੈ।
ਕੁਈਨਜ਼ ਪਾਰਕ ਵਿੱਚ ਪ੍ਰਸ਼ਨ ਕਾਲ ਦੌਰਾਨ ਫੋਰਡ ਨੇ ਆਖਿਆ ਕਿ ਉਹ ਵੱਡਾ ਬਦਮਾਸ਼ ਹੈ ਤੇ ਉਸ ਨੂੰ ਚੱਤੋ ਪਹਿਰ ਵੱਧ ਤੋਂ ਵੱਧ ਸਕਿਊਰਿਟੀ ਵਾਲੀ ਜੇਲ੍ਹ ਵਿੱਚ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ। ਜਿਸ ਤਰ੍ਹਾਂ ਦਾ ਅਪਰਾਧ ਇਸ ਵਿਅਕਤੀ ਵੱਲੋਂ ਕੀਤਾ ਗਿਆ ਹੈ ਉਸ ਲਈ ਉਸ ਨਾਲ ਕੋਈ ਨਰਮੀ ਨਹੀਂ ਕੀਤੀ ਜਾਣੀ ਚਾਹੀਦੀ। ਉਸ ਨੇ ਦੋ ਮਾਸੂਮ ਲੜਕੀਆਂ ਨਾਲ ਅੱਤਿਆਚਾਰ ਕੀਤਾ, ਉਨ੍ਹਾਂ ਦਾ ਰੇਪ ਕੀਤਾ ਤੇ ਫਿਰ ਉਨ੍ਹਾਂ ਦਾ ਕਤਲ ਵੀ ਕੀਤਾ। ਜਿਸ ਦਰਦ ਵਿੱਚੋਂ ਪਰਿਵਾਰ ਲੰਘ ਰਹੇ ਹਨ ਉਸ ਦਾ ਕਿਆਸ ਵੀ ਨਹੀਂ ਲਾਇਆ ਜਾ ਸਕਦਾ।
ਜਿ਼ਕਰਯੋਗ ਹੈ ਕਿ ਪਿਛਲੇ ਹਫਤੇ ਯੂਨੀਅਨ ਆਫ ਕੈਨੇਡੀਅਨ ਕੁਰੈਕਸ਼ਨਲ ਆਫੀਸਰਜ਼ ਦੇ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਬਰਨਾਰਡੋ ਨੂੰ ਕਿੰਗਸਟਨ ਦੇ ਬਾਹਰਵਾਰ ਸਥਿਤ ਮਿੱਲਹੈਵਨ ਇੰਸਟੀਚਿਊਟ ਤੋਂ ਮਾਂਟਰੀਅਲ ਦੇ ਉੱਤਰ ਪੱਛਮ ਵਿੱਚ ਸਥਿਤ ਲਾ ਮੈਕਾਜ਼ਾ ਇੰਸਟੀਚਿਊਸ਼ਨ ਭੇਜ ਦਿੱਤਾ ਗਿਆ ਹੈ। ਕਮਿਸ਼ਨਰ ਆਫ ਕੁਰੈਕਸ਼ਨਲ ਸਰਵਿਸ ਐਨ ਕੈਲੀ ਨੇ ਬਰਨਾਰਡੋ ਸਬੰਧੀ ਇਸ ਫੈਸਲੇ ਦਾ ਮੁਲਾਂਕਣ ਕਰਨ ਦੇ ਹੁਕਮ ਦਿੱਤੇ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਕਦਮ ਢੁਕਵਾਂ ਤੇ ਸਬੂਤ ਆਧਾਰਤ ਹੈ। ਪਰ ਫੋਰਡ ਨੇ ਤੈਸ਼ ਵਿੱਚ ਆਉਂਦਿਆਂ ਆਖਿਆ ਕਿ ਇਸ ਫੈਸਲੇ ਵਿੱਚ ਕੈਨੇਡੀਅਨਜ਼ ਨੂੰ ਕੋਈ ਭਰੋਸਾ ਨਹੀਂ ਹੈ ਤੇ ਕੈਲੀ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਹੈ ਜਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਵੀ ਇੱਕ ਬਿਆਨ ਜਾਰੀ ਕਰਕੇ ਫੋਰਡ ਇਹ ਆਖ ਚੁੱਕੇ ਹਨ ਕਿ ਬਰਨਾਰਡੋ ਨੂੰ ਉਸ ਦੀ ਬਾਕੀ ਦੀ ਜਿ਼ੰਦਗੀ ਵੱਧ ਤੋਂ ਵੱਧ ਸੁਰੱਖਿਆ ਵਾਲੀ ਜੇਲ੍ਹ ਵਿੱਚ ਸੜਨਾ ਚਾਹੀਦਾ ਹੈ।ਜਿ਼ਕਰਯੋਗ ਹੈ ਕਿ 1990ਵਿਆਂ ਦੇ ਸ਼ੁਰੂ ਵਿੱਚ ਬਰਨਾਰਡੋ ਵੱਲੋਂ 15 ਸਾਲ ਦੀ ਕ੍ਰਿਸਟਨ ਫਰੈਂਚ ਤੇ 14 ਸਾਲਾਂ ਦੀ ਲੈਜ਼ਲੀ ਮੈਹੈਫੀ ਨੂੰ ਕਿਡਨੈਪ ਕੀਤਾ ਗਿਆ, ਉਨ੍ਹਾਂ ਨੂੰ ਤਸੀਹੇ ਦਿੱਤੇ ਗਏ ਤੇ ਫਿਰ ਰੇਪ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿੱਚ ਬਰਨਾਰਡੋ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਬਰਨਾਰਡੋ ਨੂੰ ਉਸ ਦੀ ਪਹਿਲੀ ਪਤਨੀ ਕਾਰਲਾ ਹੋਮੋਲਕਾ ਦੀ 15 ਸਾਲਾ ਭੈਣ, ਟੈਮੀ ਹੋਮੋਲਕਾ ਦਾ ਕਤਲ ਕਰਨ ਲਈ ਵੀ ਦੋਸ਼ੀ ਪਾਇਆ ਗਿਆ ਤੇ ਉਸ ਨੇ 14 ਹੋਰਨਾਂ ਮਹਿਲਾਵਾਂ ਦਾ ਜਿਨਸੀ ਸ਼ੋਸ਼ਣ ਕਰਨ ਦੀ ਗੱਲ ਵੀ ਕਬੂਲੀ।