ਓਟਵਾ, 31 ਜਨਵਰੀ (ਪੋਸਟ ਬਿਊਰੋ) : ਮਹਾਂਮਾਰੀ ਕਾਰਨ ਟਰੈਵਲ ਸਬੰਧੀ ਲੱਗੀਆਂ ਪਾਬੰਦੀਆਂ ਹੋਣ ਜਾਂ ਖਰਾਬ ਮੌਸਮ ਕਾਰਨ ਹੋਣ ਵਾਲੀ ਗੜਬੜੀ ਕੈਨੇਡਾ ਦੀ ਟਰੈਵਲ ਹਿਸਟਰੀ ਵਿੱਚ ਕਈ ਉਤਰਾਅ ਚੜ੍ਹਾਅ ਦਰਜ ਕੀਤੇ ਗਏ ਹਨ। ਹੁਣ ਜਦੋਂ ਮਹਾਂਮਾਰੀ ਇੱਕ ਵਾਰੀ ਖ਼ਤਮ ਹੋ ਚੁੱਕੀ ਹੈ ਤਾਂ ਅਜਿਹੇ ਵਿੱਚ ਟਰੈਵਲ ਦੀ ਮੰਗ ਵੀ ਵੱਧ ਗਈ ਹੈ। ਪਰ ਹੁਣ ਯੋਗ ਪਾਇਲਟਾਂ ਦੀ ਘਾਟ ਦਾ ਮੁੱਦਾ ਮੂੰਹ ਅੱਡੀ ਖੜ੍ਹਾ ਹੈ।
ਟੋਰਾਂਟੋ ਪੋਰਟ ਕੈਨੇਡਾ ਅਨੁਸਾਰ ਮਹਾਂਮਾਰੀ ਤੋਂ ਪਹਿਲਾਂ ਵਾਲੇ ਸਾਲ ਵਿੱਚ ਅੰਦਾਜ਼ਨ 1100 ਪਾਇਲਟ ਲਾਇਸੰਸ ਜਾਰੀ ਕੀਤੇ ਗਏ।ਇਨ੍ਹਾਂ ਦੇ ਨਾਲ ਵਿਦੇਸ਼ਾਂ ਤੋਂ ਸਿਖਲਾਈ ਪ੍ਰਾਪਤ ਪਾਇਲਟਾਂ ਦੇ ਜੁੜ ਜਾਣ ਨਾਲ ਵੈਸਟਜੈਟ ਤੇ ਏਅਰ ਕੈਨੇਡਾ ਸਮੇਤ ਇਹ ਕੈਰੀਅਰਜ਼ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਾਫੀ ਸਨ। ਪਰ 2020 ਵਿੱਚ ਉਡਾਨਾਂ ਦੀ ਮੰਗ ਘਟਣ ਨਾਲ ਹੀ ਨਵੇਂ ਪਾਇਲਟਾਂ ਦੀ ਗਿਣਤੀ ਵੀ ਘੱਟ ਗਈ। ਸਰਕਾਰੀ ਅੰਕੜਿਆਂ ਅਨੁਸਾਰ 2020 ਵਿੱਚ 500 ਤੋਂ ਵੀ ਘੱਟ ਲਾਇਸੰਸ ਜਾਰੀ ਕੀਤੇ ਗਏ। 2021 ਵਿੱਚ 300 ਲਾਇਸੰਸ ਤੇ ਪਿਛਲੇ ਸਾਲ 238 ਲਾਇਸੰਸ ਜਾਰੀ ਕੀਤੇ ਗਏ।
ਵਿਭਾਗ ਨੇ ਦੱਸਿਆ ਕਿ ਏਅਰਲਾਈਨ ਸੈਕਟਰ ਵਿੱਚ ਲੇਬਰ ਦੀ ਘਾਟ ਦਾ ਮੁੱਦਾ ਮੁੱਖ ਤੌਰ ਉੱਤੇ ਛਾਇਆ ਹੋਇਆ ਹੈ ਤੇ ਨਿਯਮਾਂ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਪਰ ਏਜੰਸੀ ਦਾ ਕਹਿਣਾ ਹੈ ਕਿ ਕੈਨੇਡੀਅਨ ਫਲਾਈਟ ਟਰੇਨਿੰਗ ਇੰਡਸਟਰੀ ਵਿੱਚ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।ਇਸ ਇੰਡਸਟਰੀ ਵਿੱਚ ਆਉਣ ਵਾਲੀਆਂ ਤਬਦੀਲੀਆਂ ਨਾਲ ਨੇੜ ਭਵਿੱਖ ਵਿੱਚ ਸ਼ਾਇਦ ਹੀ ਕੋਈ ਮਦਦ ਮਿਲ ਸਕੇ। ਟਰੈਵਲਰਜ਼ ਨੂੰ ਵੀ ਇੰਡਸਟਰੀ ਵਿੱਚ ਲੇਬਰ ਦੀ ਇਸ ਘਾਟ ਦਾ ਸਵਾਦ ਵੇਖਣਾ ਪੈ ਰਿਹਾ ਹੈ।
ਇਸ ਦੌਰਾਨ ਤਜਰਬੇਕਾਰ ਪਾਇਲਟਾਂ ਦੀਆਂ ਤਨਖਾਹਾਂ ਵੀ ਤੇਜ਼ੀ ਨਾਲ ਵਧੀਆਂ ਹਨ। ਵੱਡੀਆਂ ਏਅਰਲਾਈਨਜ਼ ਵੱਲੋਂ ਇਸ ਗੱਲ ਦਾ ਲਾਹਾ ਲਿਆ ਜਾ ਰਿਹਾ ਹੈ। ਪਾਇਲਟ ਵੀ ਆਪਣੀ ਪਸੰਦ ਮੁਤਾਬਕ ਏਅਰਲਾਈਨ ਦੀ ਚੋਣ ਕਰ ਰਹੇ ਹਨ। ਇਸ ਨਾਲ ਹੋਰਨਾਂ ਥਾਂਵਾਂ ਉੱਤੇ ਲੇਬਰ ਦੀ ਘਾਟ ਵੀ ਮਹਿਸੂਸ ਹੋ ਰਹੀ ਹੈ।ਏਅਰ ਟਰਾਂਸਪੋਰਟ ਐਸੋਸਿਏਸ਼ਨ ਆਫ ਕੈਨੇਡਾ ਦੇ ਹੈੱਡ ਦਾ ਕਹਿਣਾ ਹੈ ਕਿ ਇਹ ਦਿੱਕਤ ਤਾਂ ਕਈ ਸਾਲਾਂ ਤੋਂ ਚੱਲ ਰਹੀ ਹੈ ਤੇ ਇਹ ਮਹਾਂਮਾਰੀ ਤੋਂ ਪਹਿਲਾਂ ਤੋਂ ਹੈ।