ਮਲਵਿੰਦਰ
ਫੋਨ +91 9779591344
ਪਹਿਲਾਂ ਕੈਨੇਡਾ ਦੀ ਗੱਲ ਕਰਦੇ ਹਾਂ।ਬਰਸਾਤੀ ਨਾਲਿਆਂ ਦੇ ਕਿਨਾਰੇ ਅਤੇ ਠਹਿਰੀ ਝੀਲ ਦੇ ਦੁਆਲੇ ਘਣੇ ਰੁੱਖਾਂ ਵਿੱਚ ਦੀ ਲੰਘਦੀ ਪਗਡੰਡੀ ਤੇ ਸੈਰ ਕਰਦਿਆਂ ਸਾਹਾਂ ਵਿੱਚ ਤਾਜ਼ਗੀ ਭਰਦੀ ਹੈ,ਪੰਛੀਆਂ ਦੀਆਂ ਅਵਾਜ਼ਾਂ ਨਾਲ ਮਨ ਸ਼ਾਤ ਹੁੰਦਾ ਹੈ ਤੇ ਰਾਹ ਵਿੱਚ ਮਿਲਦੇ ਲੋਕਾਂ ਨਾਲ ਹੁੰਦੀ ਹੈਲੋ ਹਾਏ ਮੱਥੇ ਦੇ ਤਣਾਅ ਨੂੰ ਸਹਿਜ ਕਰਦੀ ਹੈ।ਇੱਕ ਬਿਰਧ ਗੋਰਾ ਕੂੜਾ ਚੁੱਕਣ ਵਾਲੀ ਛੜੀ ਨਾਲ ਚਾਹ,ਕੌਫ਼ੀ ਦੇ ਗਲਾਸ, ਬੀਅਰ ਦੀਆਂ ਖ਼ਾਲੀ ਬੋਤਲਾਂ ਅਤੇ ਲਾਪਰਵਾਹੀ ਨਾਲ ਸੁੱਟੀਆਂ ਹੋਰ ਵਸਤਾਂ ਇਕੱਠੀਆਂ ਕਰ ਰਿਹਾ ਹੈ।ਉਸ ਨਾਲ ਇੱਕ ਨੌਜਵਾਨ ਵੀ ਹੈ।ਦੋਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਬੜੇ ਸਹਿਜ ਨਾਲ ਇਹ ਕੰਮ ਕਰ ਰਹੇ ਹਨ।ਮੈਂ ਰੁਕ ਕੇ ਉਨ੍ਹਾਂ ਨਾਲ ਸੰਖੇਪ ਗੱਲਬਾਤ ਕੀਤੀ ਤੇ ਇਸ ਕੰਮ ਲਈ ਉਨ੍ਹਾਂ ਦੀ ਤਾਰੀਫ਼ ਕੀਤੀ।ਬਜ਼ੁਰਗ ਨੇ ਕਿਹਾ ਕਿ ਇਹ ਸਭ ਤੁਹਾਡੇ ਲਈ ਕਰਦੇ ਹਾਂ ਤਾਂ ਕਿ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ।ਉਨ੍ਹਾਂ ਦਾ ਭਾਵ ਸੀ ਕਿ ਸਵੇਰੇ ਤਾਜ਼ੀ ਹਵਾ ਤੇ ਸ਼ੁਧ ਵਾਤਾਵਰਣ ਦਾ ਲੁਤਫ਼ ਉਠਾਉਣ ਲਈ ਘਰੋਂ ਨਿਕਲਿਆਂ ਦਾ ਕੂੜਾ ਸਵਾਗਤ ਨਾ ਕਰੇ।ਬੜੀ ਚੰਗੀ ਸੋਚ ਹੈ।ਉਸ ਦੱਸਿਆ ਕਿ ਸਾਥੀ ਨੌਜਵਾਨ ਉਸਦਾ ਬੇਟਾ ਹੈ।ਨੇਕ ਕਾਰਜ ਲਈ ਅਗਲੀਆਂ ਪੀੜ੍ਹੀਆਂ ਵੀ ਤਿਆਰ ਹਨ।ਖ਼ਾਲੀ ਗਲਾਸ,ਬੋਤਲਾਂ ਤੇ ਹੋਰ ਵਸਤਾਂ ਸੁੱਟਣ ਵਾਲੇ ਕੌਣ ਹਨ ?ਕੌਣ ਹਨ ਜੋ ਕੁੱਤੇ ਦਾ ਮਲ ਵੀ ਰਾਹ ਵਿੱਚ ਪਿਆ ਰਹਿਣ ਦਿੰਦੇ ਹਨ? ਜਗ੍ਹਾ ਜਗ੍ਹਾ ਪਏ ਨੀਲੇ ਰੰਗ ਦੇ ਗਾਰਬਿਜ ਬਿੰਨ ਉਹਨਾਂ ਨੂੰ ਨਜ਼ਰ ਕਿਉਂ ਨਹੀਂ ਆਉਂਦੇ?
ਇਥੇ ਘਰਾਂ ਵਿੱਚ ਤਿੰਨ ਤਰ੍ਹਾਂ ਦੇ ਕੂੜਾ ਸਾਂਭਣ ਵਾਲੇ ਡਰੰਮ ਹਨ।ਇੱਕ ਕਾਲੇ ਰੰਗ ਦਾ ਜਿਸ ਵਿੱਚ ਸਧਾਰਣ ਕੂੜਾ ਸਾਂਭਿਆ ਜਾਂਦਾ ਹੈ।ਦੂਜਾ ਨੀਲੇ ਢੱਕਣ ਵਾਲਾ ਜਿਸ ਵਿੱਚ ਰੀਸਾਈਕਲ ਹੋਣ ਵਾਲਾ ਕੂੜਾ ਪਾਇਆ ਜਾਂਦਾ ਹੈ।ਤੀਜੇ ਵਿੱਚ ਔਰਗੈਨਿਕ ਮੈਟੀਰੀਅਲ ਭਾਵ ਸਬਜੀਆਂ,ਫਲਾਂ ਦੇ ਛਿਲਕੇ ਪਾਏ ਜਾਂਦੇ ਹਨ।ਇੱਕ ਹੋਰ ਵੀ ਹੈ ਖਾਕੀ ਰੰਗ ਦਾ ਲਿਫ਼ਾਫ਼ਾ ।ਇਸ ਵਿੱਚ ਯਾਰਡ ਵੇਸਟ ਯਾਨੀ ਫੁੱਲਾਂ,ਬੂਟਿਆਂ,ਰੁੱਖਾਂ ਦੀ ਰਹਿੰਦ-ਖੂੰਹਦ ਪਾਈ ਜਾਂਦੀ ਹੈ।ਹਰ ਹਫ਼ਤੇ ਟਰੱਕ ਆਉਂਦੇ ਹਨ ਤੇ ਘਰਾਂ ਦੇ ਬਾਹਰ ਰੱਖੇ ਇਹ ਡਰੰਮ ਖ਼ਾਲੀ ਕਰ ਜਾਂਦੇ ਹਨ।ਪਬਲਿਕ ਥਾਵਾਂ `ਤੇ ਨੌਜਵਾਨ ਮੁੰਡੇ- ਕੁੜੀਆਂ ਕੂੜਾ ਚੁੱਕਣ, ਘਾਹ ਕੱਟਣ ਤੇ ਪੌਦਿਆਂ ਦੀ ਸਾਂਭ-ਸੰਭਾਲ ਕਰਨ ਵਰਗੇ ਕੰਮ ਬਿਨ੍ਹਾਂ ਕਿਸੇ ਝਿਜਕ ਦੇ ਕਰ ਰਹੇ ਹੁੰਦੇ ਹਨ।ਇਥੇ ਕੰਮ ਜਾਤਾਂ ਨਾਲ ਨਹੀਂ ਜੁੜੇ ਹੋਏ।ਹਰ ਕੰਮ ਇੱਕ ਜੌਬ ਹੈ।ਹਰ ਜੌਬ ਕਰਨ ਵਾਲੇ ਦਾ ਸਮਾਜ ਵਿੱਚ ਬਰਾਬਰ ਦਾ ਸਤਿਕਾਰ ਹੈ।ਇਸ ਸਾਫ਼-ਸੁਥਰੇ ਦੇਸ਼ ਵਿੱਚ ਪੜ੍ਹੇ-ਲਿਖੇ ਅਤੇ ਆਤਮਵਿਸ਼ਵਾਸੀ ਸਫ਼ਾਈ ਕਰਮਚਾਰੀ ਹਨ।ਉਨ੍ਹਾਂ ਸਾਰੀ ਉਮਰ ਇਹ ਕਿੱਤਾ ਨਹੀਂ ਕਰਨਾ ਹੁੰਦਾ।ਉਨ੍ਹਾਂ ਦੇ ਸਾਹਮਣੇ ਇੱਕ ਚੰਗੇ ਭਵਿੱਖ ਦਾ ਸੁਪਨਾ ਹੁੰਦਾ ਹੈ।ਸਾਫ਼-ਸੁਥਰੇ ਇਸ ਕੈਨੇਡਾ ਦੇਸ਼ ਵਿੱਚ ਕੂੜੇ ਨੂੰ ਵਿਗਿਆਨਕ ਢੰਗ ਨਾਲ ਬਹੁਤ ਹੀ ਜ਼ੁਮੇਵਾਰੀ ਅਤੇ ਸੁਹਿਰਦਤਾ ਨਾਲ ਸਾਂਭਿਆ ਜਾਂਦਾ ਹੈ।ਕੂੜਾ ਕਿੰਝ ਸਾਂਭਣਾ ਹੈ ਤੇ ਆਪਣਾ ਚੌਗਿਰਦਾ ਕਿਵੇਂ ਸਾਫ਼-ਸੁਥਰਾ ਰੱਖਣਾ ਹੈ, ਇਹ ਇਥੋਂ ਸਿਖਿਆ ਜਾ ਸਕਦਾ ਹੈ।ਕਹਿ ਸਕਦੇ ਹਾਂ ਕਿ ਕੈਨੇਡਾ ਅਜੇ ਕੂੜੇ ਤੋਂ ਪੀੜਤ ਮੁਲਕ ਨਹੀਂ ਬਣਿਆਂ।
ਆਪਣੇ ਦੇਸ਼ ਦੀ ਗੱਲ ਕਰੀਏ ਖਾਸ ਕਰਕੇ ਪੰਜਾਬ ਦੀ ਤਾਂ ਸਮਝ ਆਉਂਦਾ ਹੈ ਕਿ ਉਥੇ ਸਫ਼ਾਈ ਕਰਮਚਾਰੀ ਅਨਪੜ੍ਹ, ਗਰੀਬ ਅਤੇ ਕਮਜ਼ੋਰ ਹਨ।ਉਨ੍ਹਾਂ ਕੋਲ ਆਪਣਾ ਕਿੱਤਾ ਬਦਲ ਲੈਣ ਦੀ ਸੰਭਾਵਨਾ ਵੀ ਬਹੁਤ ਘੱਟ ਹੁੰਦੀ ਹੈ।ਉਨ੍ਹਾਂ ਨੂੰ ਸਮਾਜ ਵਿੱਚ ਨਾ ਤਾਂ ਸਤਿਕਾਰ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਨਾਲ ਬਰਾਬਰੀ ਦਾ ਵਿਵਹਾਰ ਕੀਤਾ ਜਾਂਦਾ ਹੈ।ਉਨ੍ਹਾਂ ਨੂੰ ਗੰਦੇ ਅਤੇ ਅਛੂਤ ਸਮਝਿਆ ਜਾਂਦਾ ਹੈ।ਕੁਝ ਲੋਕ ਉਨ੍ਹਾਂ ਨੂੰ ਕੂੜਾ ਕਹਿ ਕੇ ਬੁਲਾਉਂਦੇ ਹਨ।ਜਦਕਿ ਉਹ ਤਾਂ ਕੂੜਾ ਚੁੱਕਣ ਵਾਲੇ ਭਾਵ ਸਫ਼ਾਈ ਕਰਨ ਵਾਲੇ ਹੁੰਦੇ ਹਨ।ਕੂੜਾ ਤਾਂ ਅਸੀਂ ਪੈਦਾ ਕਰਦੇ ਹਾਂ।ਇੱਕ ਹੋਰ ਵਰਤਾਰਾ ਮੈਂ ਆਪਣੀ ਹੀ ਗਲ਼ੀ ਵਿੱਚ ਵੇਖਿਆ ਹੈ।ਕੂੜਾ ਚੁੱਕਣ ਆਉਣ ਵਾਲੇ ਮਹੀਨੇ ਦੇ ਥੋੜ੍ਹੇ ਜਿਹੇ ਪੈਸੇ ਲੈਂਦੇ ਹਨ।ਇਹ ਸੌ ਰੁਪਏ ਤੋਂ ਘੱਟ ਹੀ ਹੁੰਦੇ ਹਨ।ਕੁਝ ਲੋਕ ਇਹ ਪੈਸੇ ਬਚਾਉਣ ਲਈ ਘਰ ਦਾ ਕੂੜਾ ਕਿਸੇ ਲਫ਼ਾਫ਼ੇ ਵਿੱਚ ਪਾ ਕੇ ਕਿਸੇ ਖਾਲੀ ਪਲਾਟ ਵਿੱਚ ਸੁੱਟ ਦਿੰਦੇ ਹਨ।ਭਾਵ ਘਰ ਦੇ ਕੂੜੇ ਨਾਲ ਉਹ ਬਾਹਰ ਗੰਦ ਖਿਲਾਰਦੇ ਹਨ।ਕੂੜੇ ਅਤੇ ਸਫ਼ਾਈ ਪ੍ਰਤੀ ਸਾਡੀ ਇਹ ਮਾਨਸਿਕਤਾ ਸਾਡੇ ਜੀਵਨ ਵਿਹਾਰ ਬਾਰੇ ਹੋਰ ਵੀ ਬੜਾ ਕੁਝ ਕਹਿੰਦੀ ਹੈ।
ਉਪਰੋਕਤ ਵਿਹਾਰ ਵਿਚੋਂ ਹੀ ਇੱਕ ਸਵਾਲ ਉੱਠਦਾ ਹੈ ਕਿ ਅਸੀਂ ਕੂੜਾ ਚੁੱਕਣ ਵਾਲੇ ਭਾਵ ਸਫ਼ਾਈ ਕਰਨ ਵਾਲੇ ਨੂੰ ਗੰਦਾ ਜਾਂ ਅਛੂਤ ਕਿਉਂ ਸਮਝਦੇ ਹਾਂ?ਸਾਨੂੰ ਤਾਂ ਕੂੜਾ ਚੁੱਕਣ ਵਾਲੇ ਦਾ ਧੰਨਵਾਦੀ ਹੋਣਾ ਚਾਹੀਦਾ ਹੈ।ਚੰਦ ਛਿੱਲੜ ਦੇ ਕੇ ਅਸੀਂ ਕਦੀ ਵੀ ਉਸ ਦੀ ਮਿਹਨਤ ਜਾਂ ਕੰਮ ਦਾ ਮੁੱਲ ਨਹੀਂ ਤਾਰ ਸਕਦੇ। ਉਹ ਤਾਂ ਸਮਾਜ ਦੀ ਬੜੀ ਵੱਡੀ ਸੇਵਾ ਕਰ ਰਹੇ ਹਨ।ਜੇਕਰ ਉਹ ਇਹ ਕੰਮ ਨਾ ਕਰਨ ਤਾਂ ਬੜੀ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ।ਜਦ ਕਦੀ ਉਹ ਆਪਣੀਆਂ ਹੱਕੀ ਮੰਗਾਂ ਲਈ ਕੁਝ ਦਿਨ ਹੜ੍ਹਤਾਲ `ਤੇ ਚਲੇ ਜਾਂਦੇ ਹਨ ਤਾਂ ਸ਼ਹਿਰ ਦਾ ਜੋ ਹਾਲ ਹੁੰਦਾ ਹੈ, ਉਸ ਦਾ ਅਨੁਭਵ ਆਪਾਂ ਸਾਰਿਆਂ ਨੂੰ ਥੋੜ੍ਹਾ ਬਹੁਤ ਹੈ।ਸਫ਼ਾਈ ਬਾਰੇ ਤਾਂ ਸਾਡੀ ਸੋਚ ਕੂੜੇ ਨਾਲੋਂ ਵੀ ਗੰਦੀ ਹੈ।ਘਰ ਦੀ ਸਫ਼ਾਈ ਲਈ ਇੱਕ ਤੋਂ ਵੱਧ ਕੰਮ ਵਾਲੀਆਂ ਰੱਖਣ ਵਾਲਾ ਸਮਾਜ ਘਰ ਤੋਂ ਬਾਹਰ ਗਲ਼ੀ, ਮੁਹੱਲੇ, ਸ਼ਹਿਰ ਅਤੇ ਦੇਸ਼ ਵਿੱਚ ਫੈਲੀ ਗੰਦਗੀ ਦੀ ਪੂਰੀ ਤਰ੍ਹਾਂ ਅਣਦੇਖੀ ਕਰਦਾ ਹੈ।ਸਮਾਜ ਇਹ ਨਹੀਂ ਸਮਝਦਾ ਕਿ ਘਰ ਤੋਂ ਬਾਹਰ ਫੈਲੀ ਗੰਦਗੀ ਕਿੰਨੀਆਂ ਭਿਆਨਕ ਸਮੱਸਿਆਵਾਂ ਪੈਦਾ ਕਰ ਸਕਦੀ ਹੈ।ਦੂਸ਼ਿਤ ਪਾਣੀ ਅਤੇ ਪ੍ਰਦੂਸ਼ਿਤ ਵਾਤਾਵਰਣ ਦੀ ਗੰਦਗੀ ਸਾਡਾ ਫ਼ਿਕਰ ਨਹੀਂ ਹਨ।ਇਹ ਉਹ ਵੱਡੇ ਫ਼ਿਰਕ ਜਾਂ ਮੁੱਦੇ ਹਨ ਜਿੰਨ੍ਹਾਂ ਨੂੰ ਅਸੀਂ ਅਣਗੌਲਿਆਂ ਕਰ ਰੱਖਿਆ ਹੈ।ਹਊ ਪਰੇ ਕਰ ਛੱਡਣ ਵਾਲੀ ਸਾਡੀ ਪ੍ਰਵਿਰਤੀ ਨੇ ਸਾਡੇ ਸਮਾਜਕ ਅਤੇ ਰਾਜਨੀਤਕ ਢਾਚੇ ਵਿੱਚ ਵੱਡੇ ਵਿਗਾੜ ਪੈਦਾ ਕੀਤੇ ਹਨ।ਅਸੀਂ ਸੁਚੇਤ ਕਦੋਂ ਤੇ ਕਿੰਝ ਹੋਵਾਂਗੇ, ਇਸ ਦਾ ਕੋਈ ਸਪਸ਼ਟ ਜਵਾਬ ਜਾਂ ਏਜੰਡਾ ਸਾਡੇ ਕੋਲ ਨਹੀਂ ਹੈ।ਉਂਝ ਪੰਜਾਬ ਤੋਂ ਇੱਕ ਚੰਗੀ ਖ਼ਬਰ ਵੀ ਹੈ।ਬਟਾਲਾ ਨੇੜਲਾ ਛੋਟਾ ਜਿਹਾ ਪਿੰਡ ਪੋਰੇਸ਼ਾਹ ਕੂੜੇ ਤੋਂ ਜੈਵਿਕ ਖਾਦ ਬਣਾਕੇ ਕਮਾਈ ਕਰ ਰਿਹਾ ਹੈ।ਕੂੜਾ ਪ੍ਰਬੰਧਨ ਦੀ ਸੁਯੋਗ ਵਿਧੀ ਰਾਹੀਂ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਲਗਾ ਕੇ ਘਰੇਲੂ ਬਾਇਓਡੀਗ੍ਰੇਡੇਬਲ ਰਹਿੰਦ-ਖੂੰਹਦ ਤੋਂ ਖਾਦ ਤਿਆਰ ਕੀਤੀ ਜਾਂਦੀ ਹੈ।ਕੂੜਾ ਵੀ ਸਾਂਭਿਆ ਜਾਂਦਾ ਹੈ ਤੇ ਪਿੰਡ ਵੀ ਸਾਫ਼ ਰਹਿੰਦਾ ਹੈ।ਅਜਿਹੇ ਉਪਰਾਲੇ ਕੂੜੇ ਦੀ ਸਮੱਸਿਆ ਨੂੰ ਹੱਲ ਕਰਨ ਦਾ ਲਾਹੇਵੰਦਾ ਤਰੀਕਾ ਹੈ।
ਅਸੀਂ ਸਫ਼ਾਈ ਦੇ ਧੰਦੇ ਨੂੰ ਗੰਦਾ ਕੰਮ ਕਿਉਂ ਸਮਝਦੇ ਹਾਂ?ਇਸ ਦਾ ਸਭ ਤੋਂ ਵੱਡਾ ਕਾਰਣ ਸਾਡੀ ਜਾਤੀਵਾਦੀ ਸੋਚ ਸਮਝ ਹੈ।ਵਿਕਾਸ ਦੀਆਂ ਡੀਗਾਂ ਮਾਰ ਰਿਹਾ ਭਾਰਤ ਜਾਤੀਵਾਦ ਦੀ ਦਲਦਲ ਵਿੱਚ ਬੜੀ ਬੁਰੀ ਤਰ੍ਹਾਂ ਫਸਿਆ ਹੋਇਆ ਹੈ।ਅਸੀਂ ਸਭ ਜਾਣਦੇ ਹਾਂ,ਅਖ਼ਬਾਰਾਂ ਵਿੱਚ ਵੀ ਅਕਸਰ ਛਪਦਾ ਰਹਿੰਦਾ ਹੈ ਕਿ ਦੇਸ਼ ਵਿੱਚ ਗੰਦਗੀ ਅਤੇ ਕੂੜੇ ਦੀ ਸਮੱਸਿਆ ਬਹੁਤ ਭਿਆਨਕ ਹੋ ਗਈ ਹੈ।ਮੇਰੇ ਆਪਣੇ ਸ਼ਹਿਰ ਵਿੱਚ ਕੂੜੇ ਨੂੰ ਸਾਂਭਣ ਲਈ ਰੀਸਾਈਕਲਿੰਗ ਪਲਾਂਟ ਲਾਉਣ ਦੀ ਗੱਲ ਕਈ ਵਾਰ ਚੱਲੀ ਹੈ।ਹਰ ਵਾਰ ਸਥਾਨਕ ਲੋਕਾਂ ਦਾ ਵਿਰੋਧ ਅਤੇ ਹਲਕੇ ਦੇ ਵਿਧਾਇਕ ਦਾ ਸਹਿਯੋਗ ਇਸ ਕੰਮ ਨੂੰ ਨੇਪਰੇ ਨਹੀਂ ਚੜ੍ਹਨ ਦਿੰਦਾ।ਇਹ ਕਹਾਣੀ ਹਰ ਸ਼ਹਿਰ ਦੀ ਹੋਵੇਗੀ।ਦੂਜੀ ਵੱਡੀ ਸਮੱਸਿਆ ਗੈਰ-ਪ੍ਰਕ੍ਰਿਤਕ ਕੂੜੇ ਦੀ ਹੈ।ਪਲਾਸਟਿਕ, ਪੌਲੀਥੀਨ, ਅਤੇ ਅਜਿਹੇ ਹੋਰ ਪਦਾਰਥ ਜਿਹੜੇ ਧੜਾਧੜ੍ਹ ਪੈਕਿੰਗ ਲਈ ਵਰਤੇ ਜਾ ਰਹੇ ਹਨ,ਦੇ ਕੂੜੇ ਨੇ ਖ਼ਤਰਨਾਕ ਢੰਗ ਨਾਲ ਦੇਸ਼ ਨੂੰ ਜਕੜ ਲਿਆ ਹੈ।ਭਾਰਤ ਵਿੱਚ ਕਈ ਵਾਰ ਅਜਿਹੇ ਪਦਾਰਥਾਂ ਦੀ ਵਰਤੋਂ `ਤੇ ਪਾਬੰਦੀ ਲਾਉਣ ਦੀ ਗੱਲ ਤੁਰੀ ਹੈ।ਹਰ ਵਾਰ ਸਰਕਾਰਾਂ ਦੇ ਫੈਸਲੇ ਵੋਟਤੰਤਰ ਅੱਗੇ ਹਾਰ ਜਾਂਦੇ ਹਨ।ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਿਰੰਤਰ ਹੋ ਰਹੀ ਹੈ।ਖੁੱਲੇ ਵਿੱਚ ਲੱਗੇ ਕੂੜੇ ਦੇ ਢੇਰ ਵਾਤਾਵਰਣ ਨੂੰ ਲਗਾਤਾਰ ਪ੍ਰਦੂਸ਼ਿਤ ਕਰ ਰਹੇ ਹਨ।
ਬਚਪਨ ਵੱਲ ਝਾਤੀ ਮਾਰਿਆਂ ਯਾਦ ਆਉਂਦਾ ਹੈ ਕਿ ਓਦੋਂ ਪਿੰਡਾਂ ਵਿੱਚ ਰੂੜੀਆਂ ਹੁੰਦੀਆਂ ਸਨ।ਉਨ੍ਹਾਂ ਰੂੜੀਆਂ `ਤੇ ਸੁੱਟੇ ਜਾਣ ਵਾਲੇ ਕੂੜੇ ਵਿੱਚ ਡੰਗਰਾਂ ਦਾ ਗੋਹਾ, ਸਬਜੀਆਂ ਦੇ ਛਿਲਕੇ, ਛੱਟਣ ਤੋਂ ਬਾਅਦ ਨਿੱਕਲੇ ਕੰਕਰ ਤੇ ਖਰਾਬ ਦਾਣੇ, ਰੁੱਖਾਂ ਦੇ ਸੁੱਕ ਕੇ ਝੜ੍ਹ ਗਏ ਪੱਤੇ,ਝਾੜੂ ਲਾਉਣ ਤੋਂ ਬਾਅਦ ਨਿਕਲਿਆ ਘੱਟਾ-ਮਿੱਟੀ,ਚਮੜੇ ਤੇ ਲੱਕੜੀ ਦੇ ਟੁੱਕੜੇ, ਮਨੁੱਖਾਂ ਦਾ ਮਲ-ਮੂਤਰ, ਬਚਿਆ ਹੋਇਆ ਖਾਣਾ, ਕਾਗਜ਼, ਕੱਪੜਾ ਤੇ ਹੋਰ ਨਿਕ-ਸੁਕ ਪਦਾਰਥ ਹੁੰਦੇ ਸਨ।ਵਕਤ ਨਾਲ ਇਹ ਪਦਾਰਥ ਕੁਦਰਤੀ ਰੀਸਾਈਕਲਿੰਗ ਨਾਲ ਦੇਸੀ ਰੂੜੀ ਬਣ ਜਾਂਦਾ ਸੀ ਜਿਹੜੀ ਖੇਤਾਂ ਦੀ ਮਿੱਟੀ ਨੂੰ ਉਪਜਾਊ ਬਣਾਉਂਦੀ ਸੀ।ਓਦੋਂ ਰਸਾਇਣਕ ਖਾਦਾਂ ਦੀ ਲੋੜ ਨਹੀਂ ਸੀ ਪੈਂਦੀ।ਪੈਦਾ ਹੋਇਆ ਅਨਾਜ ਵੀ ਸ਼ੁਧ ਭਾਵ ਔਰਗੈਨਿਕ ਹੁੰਦਾ ਸੀ।ਪਰ ਅੱਜ ਕੂੜੇ ਦਾ ਰੂਪ ਬਦਲ ਗਿਆ ਹੈ।ਹੁਣ ਬਜ਼ਾਰ ਵਿਚੋਂ ਹਰ ਚੀਜ਼ ਮਹਿੰਗੀ ਪੈਕਿੰਗ ਵਿੱਚ ਮਿਲਦੀ ਹੈ।ਉਸ ਨਾਲ ਵਸਤੂ ਦੀ ਕੀਮਤ ਵੀ ਵੱਧਦੀ ਹੈ ਤੇ ਪੈਕਿੰਗ ਦਾ ਮਟੀਰੀਅਲ ਨਾ ਸਾਂਭੇ ਜਾਣ ਵਾਲੇ ਕੂੜੇ ਦੇ ਢੇਰ ਵਿੱਚ ਜਮ੍ਹਾਂ ਹੁੰਦਾ ਰਹਿੰਦਾ ਹੈ।ਵੱਖ-ਵੱਖ ਤਿਉਹਾਰਾਂ `ਤੇ ਸਮੁੰਦਰ ਤਟ `ਤੇ ਅਤੇ ਵੱਖ-ਵੱਖ ਨਦੀਆਂ ਦੇ ਕੰਡਿਆਂ `ਤੇ ਮੂਰਤੀ ਵਿਸਰਜਨ ਹੁੰਦਾ ਹੈ।ਇਹ ਮੂਰਤੀਆਂ ਵੀ ਕੂੜੇ ਦੇ ਢੇਰ ੁਵੱਚ ਵਾਧਾ ਕਰਦੀਆਂ ਹਨ।ਸ਼ਰਧਾਲੂ ਹਰ ਸਾਲ ਨਵੀਆਂ ਮੂਰਤੀਆਂ ਖਰੀਦਦੇ ਹਨ।ਇੰਝ ਹਰ ਸਾਲ ਨਵੀਆਂ ਮੂਰਤੀਆਂ ਦੇ ਰੂਪ ਵਿੱਚ ਕੂੜੇ ਦੇ ਸੱਜਰੇ ਢੇਰ ਵੇਖਣ ਨੂੰ ਮਿਲਦੇ ਹਨ।ਸੰਖੇਪ ਚਰਚਾ ਉਪਰੰਤ ਕਹਿ ਸਕਦੇ ਹਾਂ ਕਿ ਸਾਨੂੰ ਅਜੇ ਕੂੜੇ ਨੂੰ ਸਾਂਭਣ ਦੀ ਸੋਝੀ ਨਹੀਂ ਆਈ।ਰੇਲ ਯਾਤਰਾ ਦੌਰਾਨ ਰਾਹ ਵਿੱਚ ਮਿਲਦੇ ਗੰਦਗੀ ਦੇ ਢੇਰ ਸਮੁੱਚੇ ਭਾਰਤ ਦੀ ਤਸਵੀਰ ਨੂੰ ਦਰਸਾਉਂਦੇ ਲੱਗਦੇ ਹਨ।ਸਫ਼ਾਈ ਲਈ ਜਿਸ ਮਾਨਸਿਕਤਾ ਦੀ ਲੋੜ ਹੈ ਉਹ ਅਜੇ ਸਾਡੇ ਦੇਸ਼ ਵਿੱਚ ਵਿਕਸਤ ਨਹੀਂ ਹੋਈ।ਇਸ ਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ।ਪਰ ਸਭ ਤੋਂ ਵੱਡਾ ਕਾਰਣ ਇਹੋ ਹੈ ਕਿ ਅਸੀਂ ਇਸ ਕੰਮ ਨੂੰ ਘਟੀਆ ਜਾਂ ਗੰਦਾ ਕੰਮ ਸਮਝਿਆ ਜਾਂਦਾ ਹੈ।
ਕਵਿਤਾ ਤੇ ਕੂੜਾ :ਹੁਣ ਕਵਿਤਾ ਦੀ ਗੱਲ ਕਰੀਏ।ਮੈਂ ਕਵੀ ਹਾਂ।ਕਵਿਤਾ ਨੂੰ ਕੂੜਾ ਤਾਂ ਨਹੀਂ ਕਹਿ ਸਕਦਾ।ਪਰ ਸ਼ੋਸ਼ਲ ਮੀਡੀਆ ਨੇ ਕਵਿਤਾ ਦੇ ਅਰਥ ਜਰੂਰ ਬਦਲ ਦਿੱਤੇ ਹਨ।ਧੜਾਧੜ੍ਹ ਲਿਖੀ ਜਾ ਰਹੀ ਕਵਿਤਾ ਦੀਆਂ ਪੋਸਟਾਂ ਉਪਰ ਕਈ ਚੁਭਵੀਆਂ ਟਿੱਪਣੀਆਂ ਵੀ ਪੜ੍ਹਨ ਨੂੰ ਮਿਲਦੀਆਂ ਹਨ।ਕਿਤੇ ਨਵੀਂ ਕਵਿਤਾ ਦੇ ਨਕਸ਼ ਸਾਕਾਰ ਹੋ ਰਹੇ ਹਨ।ਕਿਤੇ ਲਿਖੀ ਜਾ ਰਹੀ ਕਵਿਤਾ ਨੂੰ ਕੂੜਾ ਵੀ ਕਿਹਾ ਜਾ ਰਿਹਾ ਹੈ।ਕਵਿਤਾ ਲਿਖ ਰਹੇ ਤਾਂ ਚਲੋ ਸ਼ਬਦ ਨਾਲ ਜੁੜ ਰਹੇ ਹਨ।ਲਿਖਦੇ ਹਨ ਤਾਂ ਪੜ੍ਹਦੇ ਵੀ ਜਰੂਰ ਹੋਣਗੇ।ਪਰ ਕੂੜੇ ਦੀ ਸਮੱਸਿਆ ਵਰਗੇ ਵਿਸ਼ੇ ਉਪਰ ਕਿੰਨੀ ਕੁ ਕਵਿਤਾ ਲਿਖੀ ਗਈ ਹੈ ਜਾਂ ਲਿਖੀ ਜਾ ਰਹੀ ਹੈ,ਇਸ ਬਾਰੇ ਸੋਚਣਾ ਜਰੂਰ ਬਣਦਾ ਹੈ।ਮੈਂ ਕਰੋਨਾ ਕਾਲ ਦੌਰਾਨ ਇਸ ਵਿਸ਼ੇ ਉਪਰ ਇੱਕ ਕਵਿਤਾ ਲਿਖੀ ਸੀ।ਉਹ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ ਹਾ:
ਕੂੜਾ
ਸੁੰਨੀ ਗਲ਼ੀ ‘ਚੋ ਕੂੜਾ ਚੁੱਕਣ ਵਾਲੇ ਦੀ
ਸੁਰੀਲੀ ਆਵਾਜ਼ ਕੰਨੀ ਪਈ ਹੈ
ਮੈਂ ਚਾਹੁੰਦਾ ਹਾਂ ਇਹ ਆਵਾਜ਼ ਹਰ ਕੰਨ ‘ਚ ਪਵੇ
ਇਹ ਆਵਾਜ਼
ਕੁਝ ਉਨ੍ਹਾਂ ਚੋਣਵੀਆਂ ਬਚੀਆਂ ਪਵਿੱਤਰ ਆਵਾਜ਼ਾਂ ਵਿਚੋਂ ਹੈ
ਜਿਸ ਵਿਚ ਆਸ ਹੈ
ਕਿਰਤ ਨੂੰ ਸਮਰਪੱਤ ਸਦੀਵੀ ਆਸ
ਇਹ ਕੂੜਾ ਖਿਲਾਰਦੀ ਨਹੀਂ ਕੂੜਾ ਸਾਂਭਦੀ ਆਵਾਜ਼ ਹੈ
ਕੰਨਾਂ ‘ਤੇ ਹੱਥ ਨਾ ਧਰੋ ਇਸ ਆਵਾਜ਼ ਨੂੰ ਸੁਣੋ
ਕੂੜੇ ਦੀ ਗੱਲ ਸਵੇਰ ਦੀ ਸੈਰ ਦੇ ਹਵਾਲੇ ਨਾਲ ਸ਼ੁਰੂ ਕੀਤੀ ਸੀ।ਕਵਿਤਾ ਨਾਲ ਖਤਮ ਕਰਦਾ ਹਾਂ।ਅਸਲ ਵਿੱਚ ਸੈਰ ਅਤੇ ਕਵਿਤਾ ਦਾ ਬੜਾ ਮਹੀਨ ਰਿਸ਼ਤਾ ਹੈ।ਇਸ ਰਿਸ਼ਤੇ ਵਿੱਚ ਕੂੜੇ ਦੇ ਕਈ ਰੂਪ ਸਾਕਾਰ ਹੁੰਦੇ ਹਨ।