ਹਸਨ ਅਬਦਾਲ ਨਾਮੀ ਕਸਬਾ ਰਾਵਲਪਿੰਡੀ ਤੋਂ 45 ਕਿਲੋਮੀਟਰ ਦੂਰ ਪਿਸ਼ਾਵਰ ਜਾਣ ਵਾਲੀ ਜੀ ਟੀ ਰੋਡ ਉੱਤੇ ਹੈ। ਇਸ ਕਸਬੇ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨਕੋਸ਼ ਅਨੁਸਾਰ ਪਹਿਲੀ ਸਾਵਣ ਤੇ ਦੂਜੇ ਇਤਿਹਾਸਕਾਰਾਂ ਅਨੁਸਾਰ ਵਿਸਾਖ ਸੰਮਤ 1578 ( 1521 ਈਸਵੀ ) ਨੂੰ ਤਸ਼ਰੀਫ ਲਿਆਏ। ਉਸ ਵੇਲੇ ਇੱਥੇ ਬਾਬਾ ਵਲੀ ਕੰਧਾਰੀ ਜੀ ਇੱਕ ਪਹਾੜ ਦੀ ਚੋਟੀ ਉੱਤੇ ਠਹਿਰੇ ਹੋਏ ਸਨ । ਸਤਿਗੁਰੂ ਜੀ ਨੇ ਇੱਥੇ ਪਿੱਪਲ ਦੇ ਇੱਕ ਦਰਖਤ ਹੇਠ ਨਿਵਾਸ ਕੀਤਾ । ਜਨਮ ਸਾਖੀਆਂ ਅਨੁਸਾਰ ਬਾਬੇ ਮਰਦਾਨੇ ਨੂੰ ਜਦ ਹ ਲੱਗੀ ਤਾ ਸੱਚੇ ਪਾਤਿਸ਼ਾਹ ਜੀ ਨੇ ਉਹਨਾ ਨੂੰ ਤਿੰਨ ਵਾਰ ਵਲੀ ਕੰਧਾਰੀ ਜੀ ਪਾਸ ਪਾਣੀ ਲੈਣ ਭੇਜਿਆ । ਤਿੰਨੇ ਵਾਰ ਉਹਨਾਂ ਆਖਿਆ ਕਿ “ ਜਿਸ ਫਕੀਰ ਦਾ ਤੂੰ ਮੁਰੀਦ ਹੈ ਉਹ ਤੈਨੂੰ ਪਾਣੀ ਨਹੀਂ ਪਿਆ ਸਕਦਾ । ਇਹ ਸੁਣ ਕੇ ਸਤਿਗੁਰੂ ਜੀ ਫੁਰਮਾਏ ਤੇ ਇੱਕ ਪੱਥਰ ਆਪਣੇ ਕਰਕਮਲਾ ਨਾਲ ਉਠਾਇਆ ਤੇ ਉਹਦੇ ਥੱਲਿਓ ਨਿਰਮਲ ਜਲ ਫੁੱਟ ਖਲੋਤਾ। ਮਰਦਾਨਾ ਜੀ ਨੇ ਪਾਣੀ ਪੀ ਕੇ ਰੱਬ ਦਾ ਸ਼ੁਕਰ ਕੀਤਾ । ਉੱਧਰ ਵਲੀ ਕੰਧਾਰੀ ਜੀ ਦਾ ਚਸ਼ਮਾ ਸੁੱਕ ਗਿਆ, ਉਸ ਦਾ ਪਾਣੀ ਇਸ ਚਸ਼ਮੇ ਵਿੱਚ ਆ ਗਿਆ ਸੀ। ਉਹਨਾ ਨੇ ਇੱਕ ਭਾਰੀ ਪੱਥਰ ਥੱਲੇ ਵੱਲ ਰੇੜ ਦਿੱਤਾ । ਸਤਿਗੁਰੂ ਜੀ ਨੇ ਉਸ ਪੱਥਰ ਨੂੰ ਪੰਜੇ ਨਾਲ ਰੋਕ ਲਿਆ ਤੇ ਪੱਥਰ ਅੰਦਰ ਆਪ ਜੀ ਦਾ ਪੰਜਾ ਉੱਕਰ ਗਿਆ। ਪੰਜੇ ਦੇ ਚਿੰਨ ਵਾਲਾ ਇਹ ਪੱਥਰ ਅਤੇ ਮਰਦਾਨੇ ਦੀ ਪਿਆਸ ਬੁਝਾਉਣ ਵਾਲਾ ਇਹ ਚਸ਼ਮਾ ਅੱਜ ਵੀ ਜਾਰੀ ਹੈ । ਸ਼ਰਧਾਲੂ ਪੰਜੇ ਨੂੰ ਚੁੰਮ ਕੇ ਤੇ ਜਲ ਛਕ ਕੇ ਨਿਹਾਲ ਹੁੰਦੇ ਹਨ।
ਬਹੁਤ ਚਿਰ ਇਹ ਅਸਥਾਨ ਇੰਝ ਹੀ ਪਿਆ ਰਿਹਾ। ਮੁਕਾਮੀ ਸ਼ਰਧਾਲੂ ਮੱਥਾ ਟੇਕਦੇ ਰਹੇ, ਹੌਲੀ ਹੌਲੀ ਸੰਗਤ ਜੁੜਨ ਲੱਗੀ ਤੇ ਕੱਚਾ ਦਰਬਾਰ ਉਸਾਰਿਆ ਗਿਆ . ਖਾਲਸਾ ਰਾਜ ਸਮੇ ਜਦ ਪਿਸ਼ਾਵਰ ਫਤਿਹ ਹੋਇਆ ਤਾ ਸਰਦਾਰ ਹਰੀ ਸਿੰਘ ਨਲੂਆ ਨੇ ਇੱਕ ਵਿਸ਼ਾਲ ਤੇ ਸੁੰਦਰ ਗੁਰਦੁਆਰਾ ਤੇ ਸਰੋਵਰ ਬਣਵਾਇਆ। ਪਿਸ਼ਾਵਰ ਤੋਂ ਮੁੜਦਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਦਰਸ਼ਨਾ ਨੂੰ ਆਏ। ਗੁਰਦੁਆਰੇ ਦਾ ਪ੍ਰਬੰਧ ਮਹੰਤਾ ਕੋਲ ਰਿਹਾ। ਲੋਕਾ ਨੂੰ ਮਹੰਤਾ ਵਿਰੁੱਧ ਬਹੁਤ ਸ਼ਿਕਾਇਤਾ ਪੈਦਾ ਹੋ ਗਈਆ। 18 ਨਵੰਬਰ 1920ਈ: ਨੂੰ ਇੱਕ ਜਥਾ ਭਾਈ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠ ਪੰਜਾ ਸਾਹਿਬ ਪਹੁੰਚਿਆ। ਖਤਰਾ ਸੀ ਕਿ ਭਾਰੀ ਲੜਾਈ ਹੁੰਦੀ। ਪਰ ਇੱਥੋਂ ਦੇ ਮੁਸਲਮਾਨਾਂ ਨੇ ਭਾਈ ਕਰਤਾਰ ਸਿੰਘ ਦਾ ਸਾਥ ਦਿੱਤਾ ਜਿਹਦੇ ਨਾਲ ਮਹੰਤਾ ਨੂੰ ਹਾਰ ਹੋਈ ਅਤੇ ਗੁਰਦੁਆਰੇ ਦਾ ਪ੍ਰਬੰਧ ਸ਼ਰੋਮਣੀ ਕਮੇਟੀ ਦੇ ਹੱਥ ਆਇਆ . ਪ੍ਰਬੰਧਕ ਕਮੇਟੀ ਨੇ ਨਵੀਂ ਇਮਾਰਤ ਤਿਆਰ ਕਰਵਾਈ ਤੇ ਰਿਹਾਇਸ਼ੀ ਕਮਰੇ ਬਣਵਾਏ। ਗੁਰੂ ਕੇ ਬਾਗ ਦੇ ਮੋਰਚੇ ਸਮੇ 30 ਅਕਤੂਬਰ 1922 ਨੂੰ ਜਦ ਬੰਦੀ ਸਿੰਘਾ ਨੂੰ ਅਟਕ ਜੇਲ ਵਿੱਚ ਬੰਦ ਕਰਨ ਵਾਸਤੇ ਲੈ ਜਾਣ ਵਾਲੀ ਰੇਲ ਗੱਡੀ ਪੰਜਾ ਸਾਹਿਬ ਪਹੁੰਚੀ ਤਾਂ ਸੰਗਤਾ ਨੇ ਉਹਨਾ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਟਰੇਨ ਰੋਕਣ ਦੀ ਬੇਨਤੀ ਕੀਤੀ, ਜੋ ਨਾ ਮੰਨੀ ਗਈ ਤਾ ਸੰਗਤ ਰੇਲਵੇ ਲਾਈਨ ਉੱਤੇ ਲੰਮੀ ਪੈ ਗਈ। ਇਸ ਧਰਨੇ ਵਿੱਚ ਸ: ਪ੍ਰਤਾਪ ਸਿੰਘ ਤੇ ਸ੍ਰ: ਕਰਮ ਸਿੰਘ ਨੇ ਗੱਡੀ ਦੇ ਥੱਲੇ ਆ ਕੇ ਸ਼ਹੀਦੀ ਪ੍ਰਾਪਤ ਕੀਤੀ ਤੇ ਗੱਡੀ ਰੁਕਵਾ ਲਈ ਗਈ।
ਇਸ ਵੇਲੇ ਗੁਰਦੁਆਰਾ ਪੰਜਾ ਸਾਹਿਬ ਦਾ ਪ੍ਰਬੰਧ ਮਹਿਕਮਾ ਔਕਾਫ ਪਾਕਿਸਤਾਨ ਕੋਲ ਹੈ। ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ । ਭਾਈ ਇੰਦਰ ਸਿੰਘ ਜੀ ਬੋਰਡ ਵੱਲੋਂ ਗਰੰਥੀ ਹਨ । ਸਾਲ ਵਿੱਚ ਚਾਰ ਵਾਰ ਦੇਸ਼ ਵਿਦੇਸ਼ ਤੋਂ ਸੰਗਤ ਇਕੱਤਰ ਹੁੰਦੀ ਹੈ । ਵਿਸਾਖੀ ਦਾ ਭਾਰੀ ਮੇਲਾ ਹੁੰਦਾ ਹੈ । ਇਸ ਗੁਰਦੁਆਰੇ ਦੇ ਨਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਅਰਪੀ ਪੰਜ ਸੌ ਰੁਪਏ ਦੀ ਸਾਲਾਨਾ ਜਾਗੀਰ ਅਤੇ ਪਣ ਚੱਕੀਆ ਵੀ ਹਨ। ਵਕਫ ਬੋਰਡ ਨੇ ਵਿਦੇਸ਼ੀ ਸੰਗਤ ਨਾਲ ਰਲ ਕੇ ਇੱਕ ਬਹੁਤ ਹੀ ਸੁੰਦਰ ਅਤੇ ਵੱਡਾ ਰਿਹਾਇਸ਼ੀ ਬਲਾਕ ਬਣਵਾਇਆ ਹੈ। ਇਸ ਤੋਂ ਇਲਾਵਾ ਇੱਕ ਸਕੂਲ, ਪਾਣੀ ਦੀ ਟੈਂਕੀ ਅਤੇ ਦੂਜੀਆ ਕਈ ਸੌਖਿਆਈਆ ਦਾ ਪ੍ਰਬੰਧ ਵੀ ਕੀਤਾ ਹੈ।