ਸਤਿਗੁਰੂ ਨਾਨਕ ਦੇਵ ਜੀ ਸਿਆਲਕੋਟ ਤੋਂ ਪਸਰੂਰ ਪਹੁੰਚੇ। ਇਹ ਸ਼ਹਿਰ ਜਿ਼ਲਾ ਸਿਆਲਕੋਟ ਦਾ ਪ੍ਰਧਾਨ ਸ਼ਹਿਰ ਹੈ। ਇੱਥੇ ਜਿਸ ਥਾਂ ਸਤਿਗੁਰੂ ਜੀ ਠਹਿਰੇ ਸਨ, ਉਸ ਥਾਂ ਨੂੰ ਦਿਓਕਾ ਆਖਿਆ ਜਾਂਦਾ ਹੈ। ਇਹ ਅਸਥਾਨ ਨਾਰੋਵਾਲ - ਸਿਆਲਕੋਟ ਰੋਡ ਉੱਤੇ ਪਸਰੂਰ ਰੇਲਵੇ ਸਟੇਸ਼ਨ ਤੋਂ ਅੱਧਾ ਕਿਲੋਮੀਟਰ ਨਾਰੋਵਾਲ ਵਾਲੇ ਪਾਸੇ ਐਨ ਸੜਕ ਉੱਤੇ ਹੈ।
ਉਸ ਸਮੇਂ ਜਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਸਰੂਰ ਪਹੁੰਚੇ, ਉਸ ਸਮੇਂ ਇੱਥੇ ਇੱਕ ਪ੍ਰਸਿੱਧ ਮੁਸਲਮਾਨ ਸੂਫੀ ਹਜ਼ਰਤ ਮੀਆਂ ਮਿੱਠਾ ਜੀ ਰੱਬ ਦੀ ਯਾਦ ਵਿੱਚ ਲੀਨ ਸਨ। ਕਹਿੰਦੇ ਹਨ ਕਿ ਇਸ ਮੁਸਲਮਾਨ ਸੂਫੀ ਫਕੀਰ ਦਾ ਅਸਲ ਨਾਮ ਤਾਂ ਕੁਝ ਹੋਰ ਸੀ, ਉਹਨਾਂ ਦੀ ਬੋਲੀ ਇੰਨੀ ਮਿੱਠੀ ਸੀ ਕਿ ਲੋਕ ਉਹਨਾਂ ਨੂੰ ਮੀਆਂ ਮਿੱਠਾ ਜੀ ਦੇ ਨਾਂ ਨਾਲ ਜਾਨਣ ਲੱਗੇ । ਇੱਥੋਂ ਤੱਕ ਕਿ ਉਹਨਾਂ ਦਾ ਅਸਲ ਨਾਮ ਵਿਸਰ ਗਿਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੀਆਂ ਮਿੱਠਾ ਜੀ ਵਿਚਕਾਰ ਇਸ ਥਾਂ ਗੋਸ਼ਟੀ ਹੋਈ। ਮੀਆਂ ਮਿੱਠਾ ਜੀ ਨੇ ਫਰਮਾਇਆ :
ਪਹਿਲਾ ਨਾਉ ਖੁਦਾਇ ਦਾ, ਦੂਜਾ ਨਾਉ ਰਸੂਲ । ਨਾਨਕ ਕਲਮਾ ਜੇ ਪੜੇ ਤਾ ਦਰਗਹ ਪਵਹਿ ਕਬੂਲ।
ਸਤਿਗੁਰੂ ਜੀ ਨੇ ਮੋੜਵਾਂ ਜਵਾਬ ਦਿੱਤਾ ਤੇ ਫਰਮਾਇਆ :
ਪਹਿਲਾ ਨਾਉ ਖੁਦਾਇ ਦਾ, ਦਰ ਦਰਵਾਨ ਰਸੁ ॥ ਸ਼ੇਖਾ ਨੀਅਤ ਰਾਸਿ
ਜਿਸ ਥਾਂ ਇਹ ਗੋਸ਼ਟੀ ਹੋਈ, ਉਸ ਵੇਲੇ ਇਹ ਥਾਂ ਕੋਟਲਾ ਮੀਆਂ ਮਿੱਠਾ ਦੇ ਨਾਂ ਨਾਲ ਪ੍ਰਸਿੱਧ ਸੀ, ਮਗਰੋਂ ਇਸ ਪਿੰਡ ਦਾ ਨਾਮ ਦਿਓ ਪ੍ਰਸਿੱਧ ਹੋ ਗਿਆ। ਕਦੇ ਇੱਥੇ ਨੇੜੇ ਹੀ ਡੇਕ ਨਦੀ ਵਗਦੀ ਸੀ ਜੋ ਹੁਣ ਵਿੱਥ ਤੇ ਹੋ ਗਈ ਹੈ। ਇੱਥੇ ਇੱਕ ਬਹੁਤ ਹੀ ਵੱਡਾ ਬੇਰੀਆਂ ਦਾ ਬਾਗ ਹੈ। ਇਸ ਬਾਗ ਦਾ ਇੱਕ ਵੱਡਾ ਗੇਟ ਨਾਰੋਵਾਲ ਪਸਰੂਰ ਰੋਡ ਉੱਤੇ ਖੁਲਦਾ ਹੈ । ਇਸ ਗੇਟ ਵਿੱਚ ਵੜਦਿਆਂ ਹੀ ਇੱਕ ਵਿਸ਼ਾਲ ਸਰੋਵਰ ਸਥਿੱਤ ਹੈ। ਇਸ ਸਰੋਵਰ ਦੇ ਅਖੀਰ ਉੱਤੇ ਇਸ ਤੋਂ ਸੱਜੇ ਪਾਸੇ ਇੱਕ ਸਾਧਾਰਨ ਜਿਹਾ ਮੰਜੀ ਸਾਹਿਬ ਬਣਿਆ ਹੋਇਆ ਹੈ। ਇਹ ਇੱਕ ਥੜਾ ਹੈ ਜਿਸ ਉੱਤੇ ਕੋਈ ਛੱਤ ਨਹੀਂ, ਕੇਵਲ ਇੱਕ ਸੁੰਦਰ ਬੂਹਾ ਹੈ। ਇਸ ਥੜਾ ਸਾਹਿਬ ਦੇ ਪਿੱਛੇ ਤਿੰਨ ਮਕਾਨ ਬਣੇ ਹੋਏ ਹਨ। ਜਿਹਨਾਂ ਵਿੱਚੋਂ ਇੱਕ ਮਕਾਨ ਅੰਦਰ ਗੁਰੂ ਗਰੰਥ ਸਾਹਿਬ ਜੀ ਬਿਰਾਜਮਾਨ ਹੁੰਦੇ ਸਨ। ਇਸ ਅਸਥਾਨ ਦਾ ਝਾੜੂ ਆਦਿਕ ਸੇਵਾ ਭਾਈ ਮੋਹਨ ਸਿੰਘ ਜੀ ਕਰਦੇ ਸਨ। ਇਹ ਜ਼ਮੀਨ ਡਿਸਟਰਿਕਟ ਬੋਰਡ ਦੇ ਕਬਜ਼ੇ ਵਿੱਚ ਹੈ। ਸਰੋਵਰ ਇਸ ਵੇਲੇ ਇੱਕ ਛੱਪੜ ਦਾ ਰੂਪ ਧਾਰਨ ਕਰ ਚੁੱਕਾ ਹੈ। ਜਦਕਿ ਗੁਰਦੁਆਰਾ ਸਾਹਿਬ ਦੀ ਸਥਿੱਤੀ ਵੀ ਕੋਈ ਚੰਗੀ ਨਹੀਂ। ਕਰ, ਤੇ ਦਰਗਾਹ ਪਵਹਿ ਕਬੁਲ।