ਸਿਉਕੇ ਤਹਿਸੀਲ ਡਸਕਾ, ਜਿਲਾ ਸਿਆਲਕੋਟ ਦਾ ਇੱਕ ਪਿੰਡ ਹੈ। ਇਹ ਪਿੰਡ ਡਸਕੇ ਤੋਂ ਕੋਈ 10 ਕਿਲੋਮੀਟਰ ਦੀ ਵਿੱਥ ਉੱਤੇ ਹੈ। ਡਸਕੇ ਤੋਂ ਵੈਗਨਾਂ ਚਲਦੀਆਂ ਹਨ ਜੋ ਜੇਸਰਵਾਲਾ ਤੋਂ ਹੁੰਦੀਆਂ ਹੋਈਆਂ ਇਸ ਪਿੰਡ ਅੱਪੜਦੀਆਂ ਹਨ। ਇਸ ਪਿੰਡ ਦੇ ਵਿੱਚੋਂ ਹੀ ਪਸਰੂਰ ਰੋਡ ਗੁਜ਼ਰਦਾ ਹੈ। ਇਸ ਪਿੰਡ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪਵਿੱਤਰ ਅਸਥਾਨ ਛੋਟਾ ਨਾਨਕਿਆਣਾ ਕਰਕੇ ਪ੍ਰਸਿੱਧ ਹੈ। . ਸਤਿਗੁਰ ਪੂਰੇ ਨਾਮਕ ਸਿੱਖ ਦਾ ਪ੍ਰੇਮ ਵੇਖ ਕੇ ਪਸਰੂਰ ਤੋਂ ਐਮਨਾਆਬਾਦ ਜਾਂਦੇ ਹੋਏ ਕੁਝ ਕਾਲ ਇੱਥੇ ਠਹਿਰੇ ਸਨ। ਗੁਰਦੁਆਰਾ ਸਾਹਿਬ ਦੇ ਨਾਂ 16 ਘੁਮਾਉਂ ਜਮੀਨ ਪਿੰਡ ਵੱਲੋਂ ਹੈ। 25-26 ਹਾੜ ਨੂੰ ਭਾਰੀ ਮੇਲਾ ਜੁੜਦਾ ਸੀ। ਜਿਸ ਸਮੇਂ ਗੁਰੂ ਸਾਹਿਬ ਇੱਥੇ ਆਏ, ਉਸ ਸਮੇਂ ਇਸ ਪਿੰਡ ਦਾ ਨਾਂ ਭਾਰੋਵਾਲ ਸੀ। ਗੁਰੂ ਸਾਹਿਬ ਪਿੰਡ ਤੋਂ ਬਾਹਰ ਬੇਰੀਆਂ ਦੇ ਝੁੰਡ ਵਿੱਚ ਠਹਿਰੇ ਜੋ ਹੁਣ ਵੀ ਮੌਜੂਦ ਹੈ। ਇਸ ਵਿਸ਼ਾਲ ਬੇਰੀਆ ਦੇ ਝੁੰਡ ਵਿੱਚ ਹੁਣ ਕਬਰਸਤਾਨ ਹੈ । ਇਸ ਦੇ ਨਾਲ ਹੀ ਗੁਰੂ ਸਾਹਿਬ ਦੇ ਠਹਿਰਨ ਵਾਲੀ ਥਾਂ ਉੱਤੇ ਗੁਰਦੁਆਰਾ ਸਾਹਿਬ ਸੀ ਜੋ ਹੁਣ ਅਲੋਪ ਹੋ ਚੁੱਕਿਆ ਹੈ। ਉਸ ਥਾਂ ਉੱਤੇ ਹੁਣ ( 4 ਮਈ 1997) ਸੂਰਜ ਮੁੱਖੀ ਦਾ ਖੇਤ ਝੂਮ ਰਿਹਾ ਸੀ।