ਗੁਰਦੁਆਰਾ ਬੇਰ ਜੀ ਸਾਹਿਬ ਦੇ ਕੋਲ ਹੀ ਕੋਈ 200 ਮੀਟਰ ਦੀ ਵਿੱਥ ਉੱਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਹੈ । ਇਹ ਗੁਰਦੁਆਰਾ ਉਸ ਥਾਂ ਉੱਤੇ ਬਣਾਇਆ ਗਿਆ ਹੈ ਜਿੱਥੇ ਮੁਲੇ ਕਰਾੜ ਦਾ ਘਰ ਸੀ । ਉਹ ਗੁਰੂ ਸਾਹਿਬ ਨੂੰ ਮਿਲਣ ਤੋਂ ਡਰਦਾ ਮਾਰਾ ਆਪਣੀ ਪਤਨੀ ਦੇ ਕਹੇ ਕਹਾਏ ਅੰਦਰ ਜਾ ਵੜਿਆ, ਜਿੱਥੇ ਉਹ ਸਪ ਲੜ ਜਾਣ ਕਾਰਨ ਮਰ ਗਿਆ । ਇੱਥੇ ਹੀ ਸਤਿਗੁਰੇ ਇਹ ਸ਼ਬਦ ਉਚਾਰਿਆ :
ਨਾਲ ਕਿਰਾੜਾ ਦੋਸਤੀ ਕੂੜੇ ਕੂੜੀ ਪਾਇ ॥
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥
ਇੱਥੇ ਹਰ ਸਾਲ ਬਸੰਤ ਪੰਚਮੀ ਨੂੰ ਮੇਲਾ ਲਗਦਾ ਹੁੰਦਾ ਸੀ । ਇਸ ਗੁਰਦੁਆਰੇ ਦੀ ਸੇਵਾ ਭਾਈ ਨੱਥਾ ਸਿੰਘ ਜੀ ਨੇ ਬੜੇ ਪ੍ਰੇਮ ਨਾਲ ਕੀਤੀ ਹੈ। । ਗੁਰਦੁਆਰਾ ਸੁੰਦਰ ਬਣਿਆ ਹੋਇਆ ਹੈ । ਹੁਣ ਇਸ ਵਿੱਚ ਅੰਨਿਆਂ ਦਾ ਸਕੂਲ ਹੈ । ਇਸ ਦੇ ਆਸੇ ਪਾਸੇ ਲੋਕਾਂ ਨੇ ਜ਼ਮੀਨ ਤੇ ਕਬਜ਼ਾ ਕਰ ਲਿਆ ਹੈ ਤੇ ਮਕਾਨ ਬਣਾ ਲਏ ਹਨ । ਜਿਹਦੇ ਕਾਰਨ ਗੁਰਦੁਆਰਾ ਸਾਹਿਬ ਲੁਕ ਗਏ ਹਨ । ਇਸ ਦੇ ਨਾਲ ਹੀ ਭਾਈ ਨੱਥਾ ਸਿੰਘ ਜੀ ਹੋਰਾਂ ਦਾ ਬਣਾਇਆ ਸਰੋਵਰ ਹੈ ਜੋ ਅੱਜ ਵੀ ਮੌਜੂਦ ਹੈ ਅਤੇ ਹੌਲੀ ਹੌਲੀ ਅਲੋਪ ਹੋਣ ਵੱਲ ਵਧ ਰਿਹਾ ਹੈ ।