ਜੰਮੂ ਤੋਂ ਕਸ਼ਮੀਰ ਜਾਂਦੇ ਹੋਏ ਜਦ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਆਲਕੋਟ ਪੁੱਜੇ ਤਾਂ ਪੂਰਾ ਸ਼ਹਿਰ ਸਹਿਮਿਆ ਹੋਇਆ ਸੀ। ਆਪ ਜੀ ਦੇ ਪੁੱਛਣ ਤੇ ਪਤਾ ਲੱਗਾ ਕਿ ਇੱਕ ਬਹੁਤ ਹੀ ਕਰਨੀ ਵਾਲੇ ਬਜ਼ੁਰਗ ਹਜ਼ਰਤ ਹਮਜ਼ਾ ਗੌਸ ਨਾਲ ਕਿਸੇ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਉਹ ਜਲਾਲ ਵਿੱਚ ਆ ਕੇ 40 ਦਿਨ ਦਾ ਚਿਲਾ ਕਰ ਰਹੇ ਹਨ।ਚਿਲਾ ਪੂਰਾ ਹੋਣ ਤੇ ਸਾਰਾ ਸ਼ਹਿਰ ਗਰਕ ਹੋ ਜਾਵੇਗਾ। ਇਹ ਸੁਣ ਕੇ ਸਤਿਗੁਰੂ ਜੀ ਚਿਲੇ ਵਾਲੀ ਥਾਂ ਤੋਂ ਥੋੜੀ ਵਿੱਥ ਉੱਤੇ ਇੱਕ ਬੇਰੀ ਦੇ ਰੁੱਖ ਹੇਠ ਜਾ ਬਿਰਾਜਮਾਨ ਹੋਏ ਅਤੇ ਸ਼ਬਦ ਦੀ ਉੱਚੀ ਧੁੰਨੀ ਕੱਦੀ ਜਿਸ ਨਾਲ ਹਮਜ਼ਾ ਜੀ ਦਾ ਚਿਲਾ ਟੁੱਟ ਗਿਆ। ਉਹ ਗੁੱਸੇ ਵਿੱਚ ਆ ਗੁਰੂ ਜੀ ਪਾਸ ਆ ਕੇ ਕਹਿਣ ਲੱਗੇ, ਤੂੰ ਕੌਣ ਏਂ, ਜੋ ਇਹਨਾਂ ਝੂਠਿਆਂ ਨੂੰ ਬਚਾਉਣਾ ਚਾਹੁੰਦਾਂ ਏਂ ? ਸਤਿਗੁਰ ਨਾਨਕ ਦੇਵ ਜੀ ਨੇ ਫਰਮਾਇਆ, ਹਮਜ਼ਾ ਕਿਸੇ ਇੱਕ ਦੇ ਝੂਠ ਦੀ ਸਜ਼ਾ ਸਾਰੇ ਸ਼ਹਿਰ ਨੂੰ ਨਹੀਂ ਦੇਣੀ ਚਾਹੀਦੀ। ਪਰ ਉਹਨਾਂ ਦੀ ਤਸੱਲੀ ਨਾ ਹੋਈ ਤਾਂ ਆਪ ਨੇ ਫਰਮਾਇਆ ਕਿ ਇਸ ਸ਼ਹਿਰ ਅੰਦਰ ਕੁਝ ਲੋਕ ਜੀਵਨ ਦਾ ਮਹੱਤਵ ਸਮਝਣ ਵਾਲੇ ਵੀ ਹਨ। ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਦੋ ਪੈਸੇ ਦੇ ਕੇ ਸੱਚ ਅਤੇ ਝੂਠ ਖਰੀਦਣ ਲਈ ਭੇਜਿਆ . ਕੁਝ ਲੋਕਾਂ ਮਰਦਾਨਾ ਜੀ ਦਾ ਮਖੌਲ ਉਡਾਇਆ ਪਰ ਮੂਲਾ ਨਾਮੀ ਇੱਕ ਕਰਾੜ ਅਜਿਹਾ ਵੀ ਸੀ ਜਿਹਨੇ ਦੋ ਪੈਸੇ ਰੱਖ ਕੇ ਇੱਕ ਪਰਚੀ ਉੱਤੇ ਲਿਖਿਆ ਕਿ “ ਜਿਉਣਾ ਕੂੜ ਹੈ “ ਤੇ ਦੂਜੀ ਉੱਤੇ ਲਿਖਿਆ “ ਮਰਨਾ ਸੱਚ ਹੈ । ਇਹ ਦੋਵੇਂ ਪਰਚੀਆਂ ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਨੂੰ ਪੇਸ਼ ਕਰ ਦਿੱਤੀਆਂ। ਹਮਜ਼ਾ ਗੌਸ ਜੀ ਨੇ ਜਦ ਇਹ ਪੜਿਆ ਤਾਂ ਉਹਨਾਂ ਸਿਆਲਕੋਟ ਨਿਵਾਸੀਆਂ ਨੂੰ ਮਾਫ ਕਰ ਦਿੱਤਾ।