ਬਾਲਾਕੋਟ ਇੱਕ ਬਹੁਤ ਹੀ ਇਤਿਹਾਸਿਕ ਨਗਰ ਹੈ। ਇਸ ਦਾ ਜ਼ਿਲਾ ਹਜ਼ਾਰਾ ਅਤੇ ਤਹਿਸੀਲ ਮਾਨਸਹਿਰਾ ਹੈ। ਸਤਿਗੁਰ ਨਾਨਕ ਦੇਵ ਜੀ ਜਦ ਇਸ ਪਾਸੇ ਲੋਕਾਂ ਦੇ ਉਧਾਰ ਵਾਸਤੇ ਆਏ, ਤਦ ਭਾਈ ਬਾਲਾ ਜੀ ਕੁਝ ਸਮਾਂ ਧਰਮ ਪ੍ਰਚਾਰ ਵਾਸਤੇ ਇੱਥੇ ਠਹਿਰੇ ਸਨ। ਇੱਥੇ ਤਿੰਨ ਸੋਮੇ ਹਨ । ਇੱਕ ਦਰਬਾਰ ਦੇ ਅਹਾਤੇ ਵਿੱਚ, ਜੋ ਕਿ ਬਾਲਾ ਪੀਰ ਦਾ ਚਸ਼ਮਾ ਕਰਕੇ ਪ੍ਰਸਿੱਧ ਹੈ। ਦੋ ਸੋਮੇ ਇਸ ਦਰਬਾਰ ਤੋਂ ਕੋਈ ਅੱਧਾ ਕਿਲੋਮੀਟਰ ਦੀ ਦੂਰੀ ਉੱਤੇ ਅਬਾਦੀ ਵਿੱਚ ਹੀ ਹਨ। ਇਹਨਾਂ ਵਿੱਚੋਂ ਇੱਕ ਬਾਬੇ ਮਰਦਾਨੇ ਦਾ ਚਸ਼ਮਾ ਤੇ ਇੱਕ ਬਾਲਾ ਪੀਰ ਦਾ ਥੜਾ ਕਰਕੇ ਜਾਣੇ ਜਾਂਦੇ ਹਨ। ਅੱਜ ਵੀ ਹਜ਼ਾਰਾਂ ਲੋਕ ਇੱਥੇ ਹਾਜਰੀ ਭਰਦੇ ਹਨ। ਅਜ਼ਾਦੀ ਤੋਂ ਪਹਿਲਾਂ ਹਰ ਐਤਵਾਰ ਨੂੰ ਮਾਨਸਹਿਰੇ ਤੋਂ ਭਾਈ ਸਾਹਿਬ ਜਾ ਕੇ ਅਰਦਾਸ ਕਰਵਾਂਦੇ ਹੁੰਦੇ ਸਨ ਅਤੇ ਭਾਰੀ ਸੰਗਤ ਇਕੱਤਰ ਹੁੰਦੀ ਸੀ। ਹੁਣ ਕੇਵਲ ਸਾਲ ਦੇ ਸਾਲ ਮੁਸਲਮਾਨ ਮੇਲਾ ਕਰਵਾਉਂਦੇ ਹਨ।