ਸਿਰਦੂ ਨਾਮੀ ਸ਼ਹਿਰ ਆਜ਼ਾਦ ਕਸ਼ਮੀਰ ਦਾ ਇੱਕ ਬਹੁਤ ਹੀ ਪ੍ਰਸਿੱਧ ਨਗਰ ਹੈ । ਹਰ ਸਾਲ ਗਰਮੀਆਂ ਵਿੱਚ ਹਜ਼ਾਰਾਂ ਲੋਕ ਇੱਥੇ ਸੈਰ ਕਰਨ ਆਉਂਦੇ ਹਨ। ਇਹ ਸ਼ਹਿਰ ਲਾਹੌਰ ਤੋਂ ਕੋਈ ਸਾਢੇ ਚਾਰ ਸੌ ਕਿਲੋਮੀਟਰ ਦੂਰ ਹੈ। ਸਿਰਦੂ ਦੇ ਮੇਨ ਚੌਕ ਤੋਂ ਕੋਈ ਇੱਕ ਕਿਲੋਮੀਟਰ ਅੱਗੇ ਇੱਕ ਨਿੱਕੀ ਜਿਹੀ ਪਹਾੜੀ ਉੱਤੇ ਇੱਕ ਵਿਸ਼ਾਲ ਇਮਾਰਤ ਹੈ। ਇਹ ਇਮਾਰਤ ਹੀ ਗੁਰਦੁਆਰਾ ਛੋਟਾ ਨਾਨਕਿਆਣਾ ਹੈ। ਪਹਾੜੀ ਦੇ ਉੱਤੇ ਪ੍ਰਕਾਸ਼ ਅਸਥਾਨ, ਲੰਗਰ ਹਾਲ ਅਤੇ ਸਰਾਂ ਹੈ। ਇਸ ਇਮਾਰਤ ਦੇ ਥੱਲੇ ਮੇਨ ਸੜਕ ਦੇ ਉੱਤੇ ਦੁਕਾਨਾਂ ਹਨ। ਇਹ ਦੁਕਾਨਾਂ ਇਸ ਪਾਵਨ ਅਸਥਾਨ ਦੀ ਮਾਲਕੀ ਹਨ। ਗੁਰਦੁਆਰਾ ਸਾਹਿਬ ਤੋਂ ਕੋਈ ਦੋ ਕਿਲੋਮੀਟਰ ਅੱਗੇ ਸਿਕਰ ਦਾ ਕਿਲਾ ਹੈ। ਜਗਤ ਗੁਰੂ ਨਾਨਕ ਦੇਵ ਜੀ ਆਪਣੀ ਚੀਨ ਦੀ ਫੇਰੀ ਤੋਂ ਮੁੜਦੇ ਹੋਏ ਇਸ ਅਸਥਾਨ ਤੇ ਠਹਿਰੇ। ਇਸ ਨੂੰ ਮੁਕਾਮੀ ਲੋਕ ਅਸਥਾਨ ਨਾਨਕ ਪੀਰ ਵੀ ਕਹਿੰਦੇ ਹਨ। ਇਸ ਵੇਲੇ ਇਮਾਰਤ ਦੀ ਹਾਲਤ ਕੋਈ ਚੰਗੀ ਨਹੀਂ। ਪ੍ਰਕਾਸ਼ ਅਸਥਾਨ ਅਲੋਪ ਹੁੰਦਾ ਜਾ ਰਿਹਾ ਹੈ। ਬਾਕੀ ਇਮਾਰਤ ਵੀ ਉੱਜੜੀ ਪਈ ਹੈ, ਕੇਵਲ ਦੁਕਾਨਾਂ ਦੀ ਹੀ ਲੋਕ ਸੰਭਾਲ ਕਰਦੇ ਹਨ ।