ਇਹ ਅਸਥਾਨ ਤੋਪਾਂ ਵਾਲੇ ਚੌਕ ਤੋਂ ਬਾਹਰ ਮੇਨ ਰੋਡ ਉੱਤੇ ਹੀ ਹੈ। ਇਸ ਦੇ ਨਾਲ ਵਰਕਸ਼ਾਪਾਂ ਹਨ ਅਤੇ ਅੰਦਰ ਗਲੀ ਵਿੱਚ ਕਲਸ ਨਜ਼ਰ ਆਉਦਾ ਹੈ। ਕਿਹਾ ਜਾਂਦਾ ਹੈ ਕਿ ਜਦ ਜਗਤ ਗੁਰੂ ਸ੍ਰੀ ਗੁਰੁ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਸਮੇ ਇਸ ਸ਼ਹਿਰ ਅੰਦਰ ਆਏ ਤਾਂ ਉਸ ਵੇਲੇ ਇੱਥੇ ਕਾਲੀ ਦੇਵੀ ਦੀ ਪੂਜਾ ਹੁੰਦੀ ਸੀ । ਗੁਰੂ ਸਾਹਿਬ ਨੇ ਇਸ ਅਸਥਾਨ ਤੋਂ ਕੁਝ ਵਿੱਥ ਉੱਤੇ ( ਜਿੱਥੇ ਹੁਣ ਧਰਮਸ਼ਾਲਾ ਹੈ ) ਬਿਰਾਜੇ। ਆਪ ਦੇ ਸ਼ਹਿਰ ਵਿੱਚ ਵੜਦਿਆਂ ਹੀ ਕਾਲੀ ਦੇਵੀ ਦੀ ਮੂਰਤੀ ਜ਼ਮੀਨ ਉੱਤੇ ਆਣ ਡਿੱਗੀ। ਪੁਜਾਰੀਆਂ ਚੁੱਕ ਕੇ ਖੜੀ ਕੀਤੀ ਤਾਂ ਉਹ ਫਿਰ ਡਿੱਗ ਪਈ।ਕਿਸੇ ਨੇ ਦੱਸਿਆ ਕਿ ਇੱਕ ਬਜ਼ੁਰਗ ਨੇ ਇੱਥੇ ਡੇਰੇ ਕੀਤੇ ਹਨ, ਹੋ ਸਕਦਾ ਹੈ ਕਿ ਇਹ ਸਭ ਕੁਝ ਉਹਨਾਂ ਦੇ ਆਉਣ ਕਾਰਨ ਹੋਇਆ ਹੋਵੇ। ਪੁਜਾਰੀ ਆਪ ਜੀ ਪਾਸ ਗਏ ਤਾਂ ਆਪ ਨੇ ਉਹਨਾਂ ਨੂੰ ੧ਓ ਦਾ ਮਤਲਬ ਸਮਝਾਇਆ ਅਤੇ ਉਸੇ ਦੀ ਭਗਤੀ ਕਰਨ ਲਈ ਕਿਹਾ। ਇਸ ਪਿੱਛੋਂ ਇਸ ਅਸਥਾਨ ਅੰਦਰ ਦੇਵੀ ਪੂਜਾ ਨੂੰ ਛੱਡ ਕੇ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਹੋਣ ਲੱਗਾ। ਹੌਲੀ ਹੌਲੀ ਪੁਜਾਰੀਆਂ ਨਾਲ ਦੇਵੀ ਦੀ ਮੂਰਤੀ ਵੀ ਰੱਖ ਲਈ। ਇਸ ਘਟਨਾ ਦੀ ਯਾਦ ਵਿੱਚ ਇਸ ਦਿਨ ਤੋਂ ਮੰਦਰ ਨੂੰ ਗੁਰਦੁਆਰਾ ਕਾਲੀ ਦੇਵੀ ਆਖਿਆ ਜਾਣ ਲੱਗਾ। ਹੁਣ ਇਸ ਅੰਦਰ ਸਕੂਲ ਹੈ।