ਬੁਲਾਣੀ ਸਿੰਧ ਪ੍ਰਾਤ ਦਾ ਇੱਕ ਪ੍ਰਸਿੱਧ ਨਗਰ ਹੈ । ਇਸ ਸ਼ਹਿਰ ਅੰਦਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾ ਕੇ ਲੋਕਾਂ ਨੂੰ, ਸੁਭਾਗੀ ਕੀਤਾ । ਆਪ ਦਾ ਅਸਥਾਨ ਸੁੰਦਰ ਬਣਿਆ ਹੋਇਆ ਹੈ। ਨਾਨਕ ਪੰਥੀ ਹਿੰਦੂ ਪੁਜਾਰੀ ਹਨ । ਰੋਜ਼ ਪ੍ਰਕਾਸ਼ ਹੁੰਦਾ ਹੈ। ਇੱਥੇ ਹੀ ਨੂਰ ਨੁਸਰਤ ਨਾਮੀ ਇੱਕ ਆਜੜੀ ਨੇ ਆਪ ਦੀ ਸੇਵਾ ਕੀਤੀ ਤੇ ਬਰਕਤ ਵਾਸਤੇ ਦੁਆ ਪੁੱਛੀ। ਆਪ ਨੇ ਫਰਮਾਇਆ ਸਭ ਬਰਕਤਾਂ ਨੇਕੀ, ਦਇਆ ਅਤੇ ਧਰਮ ਦਾ ਪੱਲਾ ਨਾਂਹ ਛੱਡਣ ਵਿੱਚ ਹਨ। ਇੱਥੇ ਹੀ ਦਾਊਦ ਨਾਮੀ ਇੱਕ ਜੁਲਾਹੇ ਨੇ ਆਪ ਨੂੰ ਇੱਕ ਅਣਮੁੱਲਾ ਗਲੀਚਾ ਪੇਸ਼ ਕੀਤਾ ਤਾਂ ਆਪ ਨੇ ਉਹ ਗਲੀਚਾ ਇੱਕ ਕੁੜੀ ਦੇ ਬੱਚਿਆਂ ਹੇਠ ਵਿਛਾ ਦਿੱਤਾ ਜੋ ਠੰਢ ਵਿੱਚ ਠਰ ਰਹੇ। ਸਨ ਅਤੇ ਫਰਮਾਇਆ ਮੇਰਾ ਗਲੀਚਾ ਤਾਂ ਇਹ ਹਰਿਆ ਭਰਿਆ ਘਾਹ ਹੈ। ਆਪ ਦੀ ਸਮਝਾਉਣੀ ਸੀ ਕਿ ਸਾਡੀਆਂ ਖੁਸ਼ੀਆਂ ਸਭ ਵਿਅਰਥ ਹਨ ਜੇ ਕੋਲ ਬੈਠਾ ਕੋਈ ਜੀਵ ਦੁਖੀ ਹੋਵੇ। ਇਸ ਅਸਥਾਨ ਉੱਤੇ ਸੰਗਤ ਹੁੰਮ ਹੁੰਮਾ ਕੇ ਆਉਂਦੀ ਹੈ। ਗੁਰੂ ਕਾ ਲੰਗਰ ਜਾਰੀ ਹੈ ।