ਕੋਇਟਾ ਬਲੋਚਿਸਤਾਨ ਦਾ ਪ੍ਰਧਾਨ ਨਗਰ ਹੈ।ਇਸ ਸ਼ਹਿਰ ਦੇ ਮਸਜਿਦ ਰੋਡ ਉੱਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਤਿਲਗੰਜੀ ਸਾਹਿਬ ਸਥਿੱਤ ਹੈ । ਸਤਿਗੁਰੂ ਜੀ ਨੇ ਇੱਥੇ ਆਪਣੀ ਤੀਜੀ ਉਦਾਸੀ ਸਮੇਂ ਚਰਨ ਪਾਏ । ਗੁਰੂ ਸਾਹਿਬ ਜਦ ਇਸ ਥਾਂ ਤੇ ਬਿਰਾਜੇ ਤਾਂ ਸ਼ਰਧਾਲੂ ਆਪ ਜੀ ਦੇ ਦਰਸ਼ਨਾਂ ਨੂੰ ਆਏ । ਆਪ ਜੀ ਨੇ ਆਈਆਂ ਸੰਗਤਾਂ ਨੂੰ ਇੱਕ ਤਿਲ ਦਾ ਪ੍ਰਸ਼ਾਦਾ ਛਕਾ ਕੇ ਪ੍ਰਸੰਨ ਕੀਤਾ।
ਇਸ ਕਰਕੇ ਇਸ ਪਾਵਨ ਅਸਥਾਨ ਦਾ ਨਾਮ " ਤਿਲਗੰਜੀ ` ਹੋ ਗਿਆ। ਭਾਵ “ ਤਿਲਾਂ ਦਾ ਖਜ਼ਾਨਾ ਹੈ। ਇਸ ਵੇਲੇ ਇਸ ਪਾਵਨ ਅਸਥਾਨ ਦੇ ਅੰਦਰ ਗੋਰਮਿੰਟ ਸੰਡੇਮਨ ਹਾਈ ਸਕੂਲ ਕੰਮ ਕਰ ਰਿਹਾ ਹੈ । ਗੁਰਦੁਆਰਾ ਸਾਹਿਬ ਦੀ ਖਾਲੀ ਜ਼ਮੀਨ ਉੱਤੇ ਸਕੂਲ ਦੀ ਨਵੀਂ ਇਮਾਰਤ ਬਣਾ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਖਾਲੀ ਪਿਆ ਹੈ। ਗੁਰਦੁਆਰੇ ਦਾ ਮੇਨ ਗੇਟ ਮਸੀਤ ਵਰਗਾ ਹੈ ਜਦਕਿ ਅੰਦਰ ਸੋਹਣੀ ਤੇ ਸ਼ਾਨਦਾਰ ਗੁੰਬਦਦਾਰ ਇਮਾਰਤ ਹੈ। ਯਾਤਰੀਆਂ ਦੇ ਠਹਿਰਨ ਲਈ ਸਰਾਂ, ਲੰਗਰ ਹਾਲ ਤੇ ਪ੍ਰਕਾਸ਼ ਅਸਥਾਨ ਬਹੁਤ ਹੀ ਸੁੰਦਰ ਹੈ। ਕੋਇਟਾ ਦੀ ਸੰਗਤ ਨੇ ਇਸ ਦਾ ਕਬਜ਼ਾ ਲੈਣ ਲਈ ਮੁਕੱਦਮਾ ਕੀਤਾ ਹੋਇਆ ਹੈ।