ਇਹ ਪਾਵਨ ਅਸਥਾਨ ਸਮੁੰਦਰ ਕਿਨਾਰੇ ਬਣੀ ਸੈਰਗਾਹ ਕਲਿਫਟਨ ਤੇ ਹੈ। ਇਹ ਇੱਕ ਬਹੁਤ ਹੀ ਮਸ਼ਹੂਰ ਥਾਂ ਹੈ, ਲੋਕ ਇੱਥੇ ਸੈਰ ਕਰਨ ਜਾਂਦੇ ਹਨ । ਲਿਫਟਨ ਸੈਰਗਾਹ ਦੀਆਂ ਪੌੜੀਆਂ ਤੋਂ ਇਹ ਅਸਥਾਨ ਤੁਹਾਡੇ ਖੱਬੇ ਹੱਥ ਇਸ ਨਾਲ ਜੁੜਿਆ ਹੋਇਆ ਹੈ।ਜਗਤ ਗੁਰੂ ਨਾਨਕ ਦੇਵ ਜੀ ਦੇ ਚਰਨ ਪਾਉਣ ਤੋਂ ਪਹਿਲਾਂ ਇੱਥੇ ਸਮੁੰਦਰ ਦੀ ਦੇਵੀ ਦਾ ਮੰਦਰ ਸੀ । ਸਮੁੰਦਰੀ ਜਹਾਜ਼ ਭੇਟਾ ਕਰਕੇ ਲੰਘਦੇ ਸਨ । ਇਸ ਮੰਦਰ ਅੰਦਰ ਕਦੇ ਕੋਈ ਮੂਰਤੀ ਨਹੀਂ ਰਹੀ, ਕੇਵਲ ਇੱਕ ਦੀਵਾ ਹੀ ਹੁੰਦਾ ਸੀ ਜਿਹਦੀ ਹਿੰਦੂ ਪੂਜਾ ਕਰਦੇ ਸਨ। ਸਿੰਧ ਦੇ ਹਾਕਮ ਤਾਲਪੁਰ ਵੱਲੋਂ ਸਾਢੇ ਸੱਤ ਸੇਰ ਤੇਲ ਹਰ ਮਹੀਨੇ ਇਸ ਦੀਵੇ ਵਾਸਤੇ ਦਿੱਤਾ ਜਾਂਦਾ ਸੀ। ਗੁਰੂ ਨਾਨਕ ਦੇਵ ਜੀ ਨੇ ਇੱਥੇ ਇਸ ਦੀਵੇ ਤੋਂ ਅੱਗੇ ਗੁਫਾ ਅੰਦਰ ਬਹਿ ਕੇ ਤਪ ਕੀਤਾ ਸੀ। ਹੁਣ ਉੱਥੇ ਇੱਕ ਦੀਵਾ ਜਗਦਾ ਰਹਿੰਦਾ ਹੈ ਜਿਹਨੂੰ ਗੁਰ ਜੋਤੀ ਆਖਿਆ ਜਾਂਦਾ ਹੈ। ਗੁਰਦੁਆਰੇ ਦੀ ਇਮਾਰਤ ਖੁਬਸੁਰਤ ਸੰਗਮਰਮਰ ਦੀ ਬਣੀ ਹੋਈ ਹੈ।14 ਪੌੜੀਆ ਉਤਰਨ ਮਗਰੋਂ ਇੱਕ ਵੇਹੜਾ ਆਉਂਦਾ ਹੈ। ਇਸ ਵਿਹੜੇ ਤੋਂ ਥੱਲੇ ਫਿਰ 6 ਪੌੜੀਆਂ ਉਤਰਦੀਆਂ ਹਨ । ਇਸ ਤੋਂ ਅੱਗੇ ਇੱਕ ਹਾਲ ਕਮਰਾ ਹੈ। ਇਸ ਹਾਲ ਕਮਰੇ ਦੇ ਅਖੀਰ ਵਿੱਚ ਗੁਫਾ ਦਾ ਉਹ ਭਾਗ ਹੈ, ਜਿੱਥੇ ਸਤਿਗੁਰੂ ਜੀ ਨੇ ਬੈਠ ਕੇ ਤਪ ਕੀਤਾ ਸੀ। ਪੁਜਾਰੀ ਨਾਨਕ ਪੰਥੀ ਹਿੰਦੂ ਹਨ। ਇਸ ਅਸਥਾਨ ਨੂੰ ਅੱਜਕਲ ਸ੍ਰੀ ਰਤਨੇਸ਼ਵਰ ਮਹਾਂਦੇਵ ਟੈਪਲ ਆਖਿਆ ਜਾਦਾ ਹੈ।