Welcome to Canadian Punjabi Post
Follow us on

25

September 2021
 
ਦੇਸ਼ ਦੁਨੀਆ

ਗੁਰਦੁਆਰਾ ਮਖਦੂਮਪੁਰ ਪਹੋੜਾ (ਸੱਜਣ ਠੱਗ)

January 23, 2020 08:11 AM

ਇਹ ਪਾਵਨ ਅਸਥਾਨ ਕਬੀਰਵਾਲਾ ਅਤੇ ਖਾਨੇਵਾਲ ਵਿਚਾਲੇ ਹੈ।ਇਸ ਨੂੰ ਜਾਣ ਵਾਸਤੇ ਖਾਨੇਵਾਲ ਤੋਂ ਰੇਲ ਕਬੀਰਵਾਲਾ ਅਤੇ ਮੀਆ ਚੰਨੂੰ ਤੋ ਬੱਸ ਨਿਕਲਦੀ ਹੈ।ਮਖਦੂਮਪੁਰ ਪਹੋੜਾ ਮੁਲਤਾਨ ਤੋਂ ਦਿੱਲੀ ਜਾਣ ਵਾਲੀ ਸ਼ੇਰ ਸ਼ਾਹ ਸੂਰੀ ਦੀ ਬਣਾਈ ਸੜਕ ਉੱਤੇ ਆਬਾਦ ਇੱਕ ਬਹੁਤ ਪ੍ਰਸਿੱਧ ਕਸਬਾ ਹੈ।ਇਸ ਕਸਬੇ ਤੋਂ ਥੋੜਾ ਦੂਰ ਤੁਲੰਬਾ ਹੈ।ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪਾਕਪਤਨ ਤੋਂ ਉੱਠ ਤੁਲੰਬੇ ਨੇੜੇ ਇਸ ਥਾ ਪੁੱਜੇ, ਜਿੱਥੇ ਪਾਧੀਆਂ ਦੇ ਠਹਿਰਨ ਵਾਸਤੇ ਸੱਜਣ ਅਤੇ ਕੱਜਣ ਦੋ ਚਾਚੇ ਭਤੀਜੇ ਨੇ ਸਰਾ ਦੇ ਨਾ ਉੱਤੇ ਮਕਾਰੀ ਦਾ ਜਾਲ ਖਲਾਰਿਆ ਹੋਇਆ ਸੀ।ਉਹ ਮੁਸਾਫਰਾ ਦਾ ਧਨ ਉਨ੍ਹਾਂ ਦੇ ਪ੍ਰਾਣਾਂ ਸਮੇਤ ਲੈਂਦਾ।ਉਸ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਵੀ ਫਸਾਉਣ ਦਾ ਚਾਰਾ ਕੀਤਾ ਪਰ ਅਸਫਲ ਰਿਹਾ।ਇੱਥੇ ਸਤਿਗੁਰੂ ਨਾਨਕ ਦੇਵ ਜੀ ਨੇ ਜੋ ਸ਼ਬਦ ਉਚਾਰਿਆ, ਉਹ ਇਹ ਸੀ:
ਉਜਲੁ ਕੈਹਾ ਚਿਲਕਣਾ ਘੋਟਿਮ, ਕਾਲੜੀ ਮਸੁ ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸ ॥ (ਸੂਹੀ ਮ: 1, ਪੰਨਾ 729)।

 
ਇਹ ਸ਼ਬਦ ਸੁਣ ਕੇ ਸੱਜਣ ਠੱਗ ਤੋਂ ਗੁਰ ਸੱਜਣ ਹੋ ਨਿੱਬੜਿਆ।ਇਸ ਘਟਨਾ ਦੀ ਯਾਦ ਵਿੱਚ ਸੱਜਣ ਦੀ ਸਰਾ ਨੂੰ ਗੁਰਦੁਆਰੇ ਦਾ ਰੂਪ ਦੇ ਦਿੱਤਾ ਗਿਆ।ਇਹ ਅਸਥਾਨ ਬਹੁਤ ਸੁੰਦਰ ਬਣਿਆ ਹੋਇਆ ਹੈ। ਕੋਈ ਦੋ ਘੁਮਾ ਵਿੱਚ ਇਸ ਦੀ ਚਾਰ ਦੀਵਾਰੀ ਹੈ।ਉਸ ਦੇ ਵਿਚਾਲੇ ਗੁਰ ਅਸਥਾਨ ਹੈ।ਇਸ ਦੇ ਪੱਛਮ ਵੱਲ ਵਿਸ਼ਾਲ ਸਰੋਵਰ ਸੀ, ਜੋ ਹੁਣ ਪੂਰ ਦਿੱਤਾ ਗਿਆ ਹੈ।ਸੰਗਤ ਦੇ ਠਹਿਰਨ ਵਾਸਤੇ ਚਾਰ ਦੀਵਾਰੀ ਦੇ ਨਾਲ ਨਾਲ ਕਮਰੇ ਬਣੇ ਹੋਏ ਹਨ।ਹਰ ਪਾਸੇ ਹਰੇ ਭਰੇ ਰੁੱਖ, ਫੁੱਲਦਾਰ ਵੇਲਾ, ਗੁਲਾਬ, ਚੰਬੇਲੀ, ਰਵੇਲ ਤੇ ਹੋਰ ਅਨੇਕਾਂ ਪ੍ਰਕਾਰ ਦੇ ਫੁੱਲ ਆਪਣੀ ਬਹਾਰ ਦਿਖਾਉਂਦੇ ਹਨ।ਇਸ ਸਮੇਂ ਇਸ ਇਮਾਰਤ ਅੰਦਰ ਗੌਰਮਿੰਟ ਹਾਇਰ ਸੈਕੰਡਰੀ ਸਕੂਲ ਹੈ ਜੋ ਬੇਨੂਰਿਆ ਨੂੰ ਨੂਰ ਵਰਤਾ ਰਿਹਾ ਹੈ।ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਸਿੱਖ ਭਾਈ ਜੋਧ ਸਿੰਘ ਵੀ ਇਸੇ ਪਿੰਡ ਦਾ ਵਾਸੀ ਸੀ।ਉਸ ਦੀ ਔਲਾਦ ਨੇ ਸੰਮਤ 1970 ਵਿੱਚ ਸੁੰਦਰ ਗੁਰਦੁਆਰਾ ਬਣਵਾਇਆ।ਗੁਰਦੁਆਰੇ ਦੇ ਨਾਮ 10 ਮੁਰੱਬੇ ਜ਼ਮੀਨ ਹੈ।

 
Have something to say? Post your comment