ਦਮਿਸ਼ਕ, 16 ਦਸੰਬਰ (ਪੋਸਟ ਬਿਊਰੋ): ਸੀਰੀਆ ਦੇ ਸੁੰਨੀ ਬਾਗੀਆਂ ਨੇ 8 ਦਸੰਬਰ ਨੂੰ ਰਾਜਧਾਨੀ ਦਮਿਸ਼ਕ 'ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਠੀਕ ਪਹਿਲਾਂ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇਸ਼ ਛੱਡ ਕੇ ਰੂਸ ਭੱਜ ਗਏ ਸਨ। ਇਸ ਦੌਰਾਨ ਫਾਈਨੈਂਸ਼ੀਅਲ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਅਸਦ ਨੇ ਰੂਸ ਨੂੰ 250 ਮਿਲੀਅਨ ਡਾਲਰ (2,082 ਕਰੋੜ ਰੁਪਏ) ਨਕਦ ਭੇਜੇ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਲੈਣ-ਦੇਣ ਵਿਚ 100 ਡਾਲਰ ਅਤੇ 500 ਯੂਰੋ ਦੇ ਨੋਟ ਸ਼ਾਮਿਲ ਸਨ। ਇਹ ਲਗਭਗ 2 ਟਨ ਦੇ ਹਿਸਾਬ ਨਾਲ ਸਨ। ਇਸ ਨੂੰ ਮਾਰਚ 2018 ਤੋਂ ਮਈ 2019 ਦਰਮਿਆਨ ਦਮਿਸ਼ਕ ਤੋਂ ਮਾਸਕੋ ਦੇ ਵਨੁਕੋਵੋ ਹਵਾਈ ਅੱਡੇ ਲਈ ਉਡਾਇਆ ਗਿਆ ਸੀ। ਇਸ ਸਾਰੀ ਰਕਮ ਨੂੰ ਭੇਜਣ ਲਈ 21 ਉਡਾਨਾਂ ਦੀ ਵਰਤੋਂ ਕੀਤੀ ਗਈ ਸੀ। ਮਾਸਕੋ ਪਹੁੰਚਣ 'ਤੇ ਇਹ ਰੂਸੀ ਬੈਂਕਾਂ 'ਚ ਜਮ੍ਹਾਂ ਹੋ ਗਿਆ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਪੱਛਮੀ ਦੇਸ਼ਾਂ ਨੇ ਅਸਦ ਸਰਕਾਰ 'ਤੇ ਪਾਬੰਦੀਆਂ ਲਗਾਈਆਂ ਸਨ। ਅਜਿਹੇ 'ਚ ਉਹ ਡਾਲਰ ਅਤੇ ਯੂਰੋ ਦੀ ਵਰਤੋਂ ਨਹੀਂ ਕਰ ਸਕਦੇ ਸਨ। ਇਸ ਲਈ ਉਨ੍ਹਾਂ ਨੇ ਇਸ ਰਕਮ ਨੂੰ ਰੂਸ ਵਿੱਚ ਨਕਦ ਭੇਜਣ ਦਾ ਫੈਸਲਾ ਕੀਤਾ।
ਇਸ ਦੌਰਾਨ ਇਜ਼ਰਾਈਲ ਨੇ ਐਤਵਾਰ ਦੇਰ ਰਾਤ ਸੀਰੀਆ ਦੇ ਤੱਟੀ ਸ਼ਹਿਰ ਟਾਰਟਸ 'ਤੇ ਹਵਾਈ ਹਮਲਾ ਕੀਤਾ ਹੈ। ਇਸ ਹਮਲੇ ਵਿੱਚ ਇਜ਼ਰਾਈਲ ਨੇ ਟਾਰਟਸ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਇਨਾ ਜ਼ਬਰਦਸਤ ਸੀ ਕਿ ਇਸ ਨਾਲ ਟਾਰਟਸ 'ਚ ਭੂਚਾਲ ਵੀ ਆ ਗਿਆ। ਇਸ ਭੂਚਾਲ ਦੀ ਤੀਬਰਤਾ 3.1 ਸੀ। ਹਮਲੇ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਜ਼ਰਾਇਲੀ ਹਮਲਿਆਂ ਅਤੇ ਬਾਗੀ ਸਮੂਹਾਂ ਦੇ ਕਬਜ਼ੇ ਤੋਂ ਬਾਅਦ ਰੂਸ ਨੇ ਸੀਰੀਆ ਤੋਂ ਆਪਣੇ ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦਮਿਸ਼ਕ 'ਚ ਮੌਜੂਦ ਕੁਝ ਰੂਸੀ ਡਿਪਲੋਮੈਟਾਂ ਨੂੰ ਹਵਾਈ ਫੌਜ ਦੀ ਵਿਸ਼ੇਸ਼ ਉਡਾਨ ਰਾਹੀਂ ਸੀਰੀਆ ਦੇ ਖਮੀਮ ਹਵਾਈ ਅੱਡੇ ਤੋਂ ਰੂਸ ਵਾਪਿਸ ਲਿਆਂਦਾ ਗਿਆ ਹੈ।
ਰੂਸੀ ਡਿਪਲੋਮੈਟਾਂ ਤੋਂ ਇਲਾਵਾ ਬੇਲਾਰੂਸ ਅਤੇ ਉੱਤਰੀ ਕੋਰੀਆ ਦੇ ਡਿਪਲੋਮੈਟਾਂ ਨੂੰ ਵੀ ਇਸੇ ਜਹਾਜ਼ ਰਾਹੀਂ ਵਾਪਿਸ ਲਿਆਂਦਾ ਗਿਆ ਹੈ। ਹਾਲਾਂਕਿ, ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਦਮਿਸ਼ਕ ਵਿੱਚ ਦੂਤਾਵਾਸ ਹਾਲੇ ਵੀ ਆਪਣਾ ਕੰਮ ਜਾਰੀ ਰੱਖੇਗਾ। ਇਸ ਦੇ ਲਈ ਟੈਲੀਗ੍ਰਾਮ ਦੀ ਮਦਦ ਲਈ ਜਾਵੇਗੀ।