ਵਾਸਿ਼ੰਗਟਨ, 15 ਦਸੰਬਰ (ਪੋਸਟ ਬਿਊਰੋ): ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਬਣਦੇ ਹੀ ਭਾਰਤੀ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ। ਉਥੋਂ ਕਰੀਬ 18 ਹਜ਼ਾਰ ਭਾਰਤੀਆਂ ਨੂੰ ਕੱਢਿਆ ਜਾ ਸਕਦਾ ਹੈ। ਇਹ ਸਾਰੇ ਲੋਕ ਗੈਰ-ਕਾਨੂੰਨੀ ਪਰਵਾਸੀ ਹਨ, ਜਿਨ੍ਹਾਂ ਕੋਲ ਅਮਰੀਕਾ ਦੀ ਨਾਗਰਿਕਤਾ ਨਹੀਂ ਹੈ ਅਤੇ ਉਨ੍ਹਾਂ ਕੋਲ ਉੱਥੋਂ ਦੀ ਨਾਗਰਿਕਤਾ ਹਾਸਿਲ ਕਰਨ ਲਈ ਸਹੀ ਕਾਗਜ਼ਾਤ ਨਹੀਂ ਹਨ।
ਦਰਅਸਲ, ਅਮਰੀਕਾ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨਾਲ ਨਜਿੱਠਣ ਵਾਲੀ ਸਰਕਾਰੀ ਏਜੰਸੀ (ਆਈ. ਸੀ. ਈ.) ਨੇ ਲਗਭਗ 15 ਲੱਖ ਲੋਕਾਂ ਦੀ ਸੂਚੀ ਬਣਾਈ ਹੈ ਜੋ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਹਨ। ਇਸ ਸੂਚੀ ਵਿੱਚ 18 ਹਜ਼ਾਰ ਭਾਰਤੀ ਵੀ ਸ਼ਾਮਿਲ ਹਨ। ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜਿਵੇਂ ਹੀ ਉਹ ਅਹੁਦੇ ਦੀ ਸਹੁੰ ਚੁੱਕਣਗੇ, ਸਭ ਤੋਂ ਪਹਿਲਾਂ ਉਹ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣਗੇ।
ਇਸ ਮਾਮਲੇ ਵਿੱਚ ਆਈਸੀਈ ਨੇ ਕਿਹਾ ਕਿ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਭੇਜਣਾ ਟਰੰਪ ਦੇ ਸੀਮਾ ਸੁਰੱਖਿਆ ਏਜੰਡੇ ਦਾ ਹਿੱਸਾ ਹੈ।
ਇਕ ਪਾਸੇ ਅਮਰੀਕਾ 18 ਹਜ਼ਾਰ ਭਾਰਤੀਆਂ ਨੂੰ ਕੱਢਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਅਮਰੀਕੀ ਸਰਕਾਰ ਨੇ ਇਕ ਸੂਚੀ ਜਾਰੀ ਕਰਕੇ ਭਾਰਤ 'ਤੇ ਗੈਰ ਮਦਦਗਾਰ ਦਾ ਦੋਸ਼ ਲਗਾਇਆ ਹੈ। ਇਸ ਸੂਚੀ ਵਿੱਚ ਉਨ੍ਹਾਂ ਦੇਸ਼ਾਂ ਨੂੰ ਰੱਖਿਆ ਗਿਆ ਹੈ ਜੋ ਆਪਣੇ ਦੇਸ਼ ਤੋਂ ਅਮਰੀਕਾ ਗਏ ਲੋਕਾਂ ਨੂੰ ਵਾਪਿਸ ਲਿਆਉਣ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ।
ਅਮਰੀਕੀ ਏਜੰਸੀ ਆਈਸੀਈ ਨੇ ਦੇਸ਼ ਨਿਕਾਲੇ ਦੀ ਪ੍ਰਕਿਰਿਆ ਵਿੱਚ ਮਦਦ ਨਾ ਕਰਨ ਵਾਲੇ 15 ਦੇਸ਼ਾਂ ਦੀ ਸੂਚੀ ਬਣਾਈ ਹੈ ਅਤੇ ਉਨ੍ਹਾਂ ਨੂੰ 'ਗੈਰ-ਮਦਦਗਾਰ' ਦੱਸਿਆ ਹੈ। ਇਨ੍ਹਾਂ ਵਿਚ ਭਾਰਤ ਦਾ ਨਾਂ ਵੀ ਸ਼ਾਮਿਲ ਹੈ। ਸੂਚੀ ਵਿੱਚ ਉਨ੍ਹਾਂ ਦੇਸ਼ਾਂ ਦੇ ਨਾਮ ਹਨ ਜੋ ਆਪਣੇ ਨਾਗਰਿਕਾਂ ਦੀ ਵਾਪਸੀ ਨੂੰ ਰੱਦ ਕਰਦੇ ਹਨ ਅਤੇ ਦੇਸ਼ ਨਿਕਾਲੇ ਵਿੱਚ ਸਹਿਯੋਗ ਨਹੀਂ ਕਰਦੇ ਹਨ।