ਲੰਡਨ, 12 ਦਸੰਬਰ (ਪੋਸਟ ਬਿਊਰੋ): ਬ੍ਰਿਟੇਨ ਦੇ ਇੱਕ ਕੰਜ਼ਰਵੇਟਿਵ ਨੇਤਾ ਨੇ ਸੰਸਦ 'ਚ ਚਚੇਰੇ ਭਰਾਵਾਂ ਵਿਚਾਲੇ ਵਿਆਹ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਰਿਚਰਡ ਹੋਲਡਨ ਨੇ ਬੁੱਧਵਾਰ ਨੂੰ ਪ੍ਰਸਤਾਵ ਪੇਸ਼ ਕਰਦੇ ਹੋਏ ਕਿਹਾ ਕਿ ਚਚੇਰੇ ਭਰਾਵਾਂ ਵਿਚਾਲੇ ਵਿਆਹ ਤੋਂ ਪੈਦਾ ਹੋਣ ਵਾਲੇ ਬੱਚਿਆਂ 'ਚ ਬੀਮਾਰੀਆਂ ਅਤੇ ਅਪਾਹਜਤਾ ਦਾ ਖਤਰਾ ਕਾਫੀ ਵਧ ਗਿਆ ਹੈ। ਇਸ ਨਾਲ ਜਨਤਕ ਸਿਹਤ ਪ੍ਰਣਾਲੀ ਪ੍ਰਭਾਵਿਤ ਹੋ ਰਹੀ ਹੈ।
ਔਕਸਫੋਰਡ ਜਰਨਲ ਆਫ਼ ਲਾਅ ਐਂਡ ਰਿਲੀਜਨ ਰਿਸਰਚ ਦਾ ਹਵਾਲਾ ਦਿੰਦੇ ਹੋਏ ਸੰਸਦ ਮੈਂਬਰ ਨੇ ਕਿਹਾ ਕਿ ਇਨ੍ਹਾਂ ਵਿਆਹਾਂ ਤੋਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਆਮ ਬੱਚਿਆਂ ਦੇ ਮੁਕਾਬਲੇ ਜੈਨੇਟਿਕ ਬੀਮਾਰੀਆਂ ਹੋਣ ਦਾ ਖ਼ਤਰਾ ਦੁੱਗਣਾ ਹੁੰਦਾ ਹੈ। ਇਹ ਪ੍ਰਥਾ ਔਰਤਾਂ ਦੀ ਸੁਰੱਖਿਆ ਲਈ ਵੀ ਖਤਰਾ ਹੈ।
ਹੋਲਡਨ ਨੇ ਕਿਹਾ ਕਿ ਆਧੁਨਿਕ ਬ੍ਰਿਟਿਸ਼ ਸਮਾਜ ਲਈ ਇਹ ਪ੍ਰਥਾ ਬਿਲਕੁਲ ਵੀ ਠੀਕ ਨਹੀਂ ਹੈ। ਦੇਸ਼ ਲਈ ਚਿੰਤਾਜਨਕ ਸਥਿਤੀ ਪੈਦਾ ਹੋ ਗਈ ਹੈ, ਕਿਉਂਕਿ ਉਨ੍ਹਾਂ ਦੇ ਦਾਦਾ-ਦਾਦੀ ਦੇ ਸਮੇਂ ਦੇ ਮੁਕਾਬਲੇ ਹੁਣ ਹਾਲਾਤ ਬਦਤਰ ਹੋ ਗਏ ਹਨ। ਹਾਲਾਂਕਿ, ਪਿਛਲੇ ਕੁਝ ਸਾਲਾਂ ਤੋਂ ਇਸ ਵਿੱਚ ਗਿਰਾਵਟ ਆ ਰਹੀ ਹੈ ਕਿਉਂਕਿ ਕੁਝ ਨੌਜਵਾਨ ਇਸ ਪ੍ਰਣਾਲੀ ਨੂੰ ਸਵੀਕਾਰ ਨਹੀਂ ਕਰ ਰਹੇ ਹਨ, ਪਰ ਫਿਰ ਵੀ ਇਸ ਨੂੰ ਰੋਕਣਾ ਜ਼ਰੂਰੀ ਹੈ।
ਹੋਲਡਨ ਨੇ ਕਿਹਾ ਕਿ ਬ੍ਰਿਟੇਨ ਵਿੱਚ ਕੁਝ ਪ੍ਰਵਾਸੀ ਭਾਈਚਾਰੇ, ਜਿਵੇਂ ਕਿ ਬ੍ਰਿਟਿਸ਼-ਪਾਕਿਸਤਾਨੀ ਅਤੇ ਆਇਰਿਸ਼ ਯਾਤਰੀ, ਚਚੇਰੇ ਭਰਾਵਾਂ ਵਿਚਕਾਰ ਵਿਆਹ ਦੀ ਦਰ ਜਿ਼ਆਦਾ ਹੈ। ਇਹਨਾਂ ਵਿੱਚੋਂ ਲਗਭਗ 40% ਵਿਆਹ ਪਹਿਲੇ ਚਚੇਰੇ ਭੈਣ-ਭਰਾਵਾਂ ਵਿਚਕਾਰ ਹੁੰਦੇ ਹਨ।
ਸੰਸਦ ਮੈਂਬਰ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਲਗਭਗ 10% ਵਿਆਹ ਚਚੇਰੇ ਭਰਾਵਾਂ ਵਿਚਕਾਰ ਹੁੰਦੇ ਹਨ। ਅਫਰੀਕਾ ਦੇ ਸਹਾਰਾ ਖੇਤਰ ਵਿੱਚ, 35 ਤੋਂ 40 ਪ੍ਰਤੀਸ਼ਤ ਲੋਕ ਚਚੇਰੇ ਭਰਾਵਾਂ ਨਾਲ ਵਿਆਹ ਕਰਦੇ ਹਨ। ਇਹ ਸੱਭਿਆਚਾਰ ਮੱਧ ਪੂਰਬ ਅਤੇ ਦੱਖਣੀ ਏਸ਼ੀਆ ਵਿੱਚ ਵੀ ਬਹੁਤ ਆਮ ਹੈ। ਪਾਕਿਸਤਾਨ ਦੇ ਕੁਝ ਹਿੱਸਿਆਂ ਵਿੱਚ ਇਹ 80% ਤੱਕ ਪਹੁੰਚ ਗਿਆ ਹੈ।
ਬ੍ਰਿਟੇਨ ਵਿਚ ਭੈਣ-ਭਰਾ, ਮਾਤਾ-ਪਿਤਾ ਜਾਂ ਆਪਣੇ ਬੱਚੇ ਦੇ ਵਿਚਕਾਰ ਵਿਆਹ 'ਤੇ ਪਾਬੰਦੀ ਹੈ, ਪਰ ਚਚੇਰੇ ਭਰਾਵਾਂ ਵਿਚਕਾਰ ਵਿਆਹ ਬਾਰੇ ਕੋਈ ਕਾਨੂੰਨ ਨਹੀਂ ਹੈ। ਕਈ ਕੰਜ਼ਰਵੇਟਿਵ ਸਾਥੀਆਂ ਨੇ ਹੋਲਡਨ ਦੇ ਪ੍ਰਸਤਾਵ ਦਾ ਸਮਰਥਨ ਕੀਤਾ। ਹਾਲਾਂਕਿ ਸਰਕਾਰ ਦੇ ਸਹਿਯੋਗ ਤੋਂ ਬਿਨ੍ਹਾਂ ਇਹ ਕਾਨੂੰਨ ਬਣਾਉਣਾ ਸੰਭਵ ਨਹੀਂ ਹੈ।