ਪੈਰਿਸ, 12 ਦਸੰਬਰ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਤਨੀ ਜਿਲ ਬਾਇਡੇਨ ਅਤੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਦਸੰਬਰ ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਮੁਲਾਕਾਤ ਕੀਤੀ। ਦੋਵੇਂ ਨੇਤਾ ਇੱਥੇ ਨੋਟਰੇ ਡੇਮ ਕੈਥੇਡ੍ਰਲ ਚਰਚ ਦੇ ਮੁੜ ਉਦਘਾਟਨ ਸਮਾਰੋਹ ਲਈ ਪਹੁੰਚੇ ਸਨ। ਕੈਥੇਡ੍ਰਲ ਚਰਚ ਨੂੰ ਅੱਗ ਲੱਗਣ ਤੋਂ ਪੰਜ ਸਾਲ ਬਾਅਦ ਦੁਬਾਰਾ ਬਣਾਇਆ ਗਿਆ ਹੈ।
ਮੁਲਾਕਾਤ ਤੋਂ ਬਾਅਦ ਡੋਨਾਲਡ ਟਰੰਪ ਨੇ ਜਿਲ ਬਾਇਡੇਨ ਨਾਲ ਆਪਣੀ ਇਕ ਫੋਟੋ ਸਾਂਝੀ ਕੀਤੀ। ਇਸ ਫੋਟੋ ਦੀ ਵਰਤੋਂ ਟਰੰਪ ਨੇ ਆਪਣੇ ਪਰਫਿਊਮ ਨੂੰ ਪ੍ਰਮੋਟ ਕਰਨ ਲਈ ਕੀਤੀ ਸੀ। ਟਰੰਪ ਨੇ ਇਸ ਦੇ ਕੈਪਸ਼ਨ 'ਚ ਲਿਖਿਆ ਸੀ ਕਿ ਇਕ ਖੁਸ਼ਬੂ ਜਿਸ ਦਾ ਵਿਰੋਧ ਤੁਹਾਡੇ ਦੁਸ਼ਮਣ ਵੀ ਨਹੀਂ ਕਰ ਸਕਦੇ।
ਟਰੰਪ ਦੀ ਇਸ ਫੋਟੋ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੀਮ ਵੀ ਬਣਾਏ ਗਏ ਸਨ। ਅਜਿਹੇ ਹੀ ਇੱਕ ਮੀਮ ਵਿੱਚ ਲਿਖਿਆ ਗਿਆ ਸੀ ਕਿ ਅਜਿਹਾ ਵਿਅਕਤੀ ਮਿਲੇ ਜੋ ਤੁਾਹਾਡੇ ਵੱਲ ਜਿਲ ਦੀ ਤਰ੍ਹਾਂ ਦੇਖੇ। ਇਸ ਮੀਮ ਨੂੰ ਸ਼ੇਅਰ ਕਰਦੇ ਹੋਏ ਟਰੰਪ ਨੇ ਲਿਖਿਆ ਕਿ ਜਿਲ ਬਹੁਤ ਚੰਗੇ ਹਨ। ਉਨ੍ਹਾਂ ਨਾਲ ਬਹੁਤ ਵਧੀਆ ਗੱਲਬਾਤ ਹੋਈ।
ਨੋਟਰੇ ਡੈਮ ਦਾ ਨਿਰਮਾਣ 1160 ਵਿੱਚ ਸ਼ੁਰੂ ਹੋਇਆ, ਅਤੇ 1260 ਤੱਕ ਜਾਰੀ ਰਿਹਾ। ਫ੍ਰੈਂਚ ਗੋਥਿਕ ਆਰਕੀਟੈਕਟ ਦੀ ਇਹ ਅਨੋਖੀ ਮਿਸਾਲ 69 ਮੀਟਰ ਉੱਚੀ ਹੈ। ਇਸ ਦੇ ਸਿਖਰ 'ਤੇ ਪਹੁੰਚਣ ਲਈ 387 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਹ ਚਰਚ ਯਿਸੂ ਮਸੀਹ ਦੀ ਮਾਂ ਮੈਰੀ ਨੂੰ ਸਮਰਪਿਤ ਹੈ। ਨੈਪੋਲੀਅਨ ਬੋਨਾਪਾਰਟ ਦੀ ਤਾਜਪੋਸ਼ੀ ਵੀ ਇੱਥੇ ਹੀ ਹੋਈ ਸੀ।