-ਪੁਲਿਸ ਨੂੰ ਛੇ ਹੋਰ ਮੁਲਜ਼ਮਾਂ ਦੀ ਭਾਲ
ਟੋਰਾਂਟੋ, 5 ਦਸੰਬਰ (ਪੋਸਟ ਬਿਊਰੋ): ਯਾਰਕ ਰੀਜਨਲ ਪੁਲਿਸ ਨੇ ਬੁੱਧਵਾਰ ਨੂੰ ਮਾਰਖਮ ਵਿੱਚ ਜਵੈਲਰੀ ਸਟੋਰ ਵਿੱਚ ਲੁੱਟ ਦੇ ਮਾਮਲੇ ਵਿੱਚ ਚਾਰ ਟੀਨੇਜ਼ਰਜ਼ ਲੜਕਿਆਂ ਅਤੇ ਦੋ ਪੁਰਸ਼ਾਂ `ਤੇ ਚਾਰਜਿਜ਼ ਲਗਾਏ ਹਨ ਅਤੇ ਛੇ ਹੋਰ ਮੁਲਜ਼ਮਾਂ ਦੀ ਤਲਾਸ਼ ਭਾਲ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਕਕੋਵਨ ਰੋਡ ਅਤੇ ਹਾਈਵੇ 7 ਦੇ ਇਲਾਕੇ ਵਿੱਚ ਸੀਐੱਫ ਮਾਰਕਵਿਲੇ ਵਿੱਚ ਇੱਕ ਜਵੈਲਰੀ ਸਟੋਰ ਵਿੱਚ ਕੱਚ ਦੇ ਕੇਸ ਤੋੜਨ ਲਈ ਮੁਲਜਮਾਂ ਵੱਲੋਂ ਹਥੌੜਿਆਂ ਦੀ ਵਰਤੋਂ ਕਰਨ ਦੀ ਰਿਪੋਰਟ ਲਈ ਬੁਲਾਇਆ ਗਿਆ ਸੀ।
ਇੱਕ ਦੁਕਾਨਦਾਰ ਵੱਲੋਂ ਬਣਾਏ ਗਏ ਵੀਡੀਓ ਵਿੱਚ ਘੱਟ ਤੋਂ ਘੱਟ 10 ਲੋਕਾਂ ਨੂੰ ਹਿੰਸਕ ਤਰੀਕੇ ਨਾਲ ਸਟੋਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਅਤੇ ਦਰਵਾਜੇ਼ ਨੂੰ ਹਥੌੜਿਆਂ ਨਾਲ ਤੋੜਦੇ ਅਤੇ ਸਾਮਾਨ ਲੁੱਟਦੇ ਵੇਖਿਆ ਜਾ ਸਕਦਾ ਹੈ।
ਮੁਲਜ਼ਮ ਇੱਕ ਸਫੇਦ ਹੋਂਡਾ ਸਿਵਿਕ ਜੋ 10 ਨਵੰਬਰ ਨੂੰ ਟੋਰਾਂਟੋ ਵਿੱਚ ਚੋਰ ਕੀਤੀ ਗਈ ਸੀ ਅਤੇ ਇੱਕ ਬੇਜ ਐੱਸਯੂਵੀ ਵਿੱਚ ਫਰਾਰ ਹੋ ਗਏ। ਸਿਵਿਕ ਦੀ ਬਾਅਦ ਵਿੱਚ ਮਾਲ ਦੇ ਬਾਹਰ ਚੁਰਾਸਤੇ `ਤੇ ਪਿੱਛੇ ਤੋਂ ਟੱਕਰ ਹੋ ਗਈ।
ਪੁਲਿਸ ਕੁੱਝ ਹੀ ਦੇਰ ਬਾਅਦ ਪਹੁੰਚੀ ਅਤੇ ਮੁਲਜ਼ਮਾਂ ਨੂੰ ਭੱਜਦੇ ਹੋਏ ਵੇਖਿਆ। ਇਸ ਦੌਰਾਨ ਚਾਰ ਮੁਲਜ਼ਮਾਂ ਨੂੰ ਤੁਰੰਤ ਫੜ੍ਹ ਲਿਆ ਗਿਆ, ਜਦੋਂ ਕਿ ਦੋ ਇੱਕ ਰੈਸਟੋਰੈਂਟ ਦੇ ਵਾਸ਼ਰੂਮ ਵਿੱਚ ਲੁਕੇ ਮਿਲੇ।
ਵੀਰਵਾਰ ਨੂੰ ਪੁਲਿਸ ਨੇ ਦੋ ਬਾਲਗ ਮੁਲਜ਼ਮਾਂ ਦੀ ਪਹਿਚਾਣ ਟੋਰਾਂਟੋ ਦੇ ਟਰੇਵੋਨ ਬਾਲ-ਬਾਰੰਸ ਅਤੇ ਮਿਸੀਸਾਗਾ ਦੇ ਰੇਮਾਰੀਓ ਮਰਡਾਕ ਦੇ ਰੂਪ ਵਿੱਚ ਕੀਤੀ, ਦੋਨਾਂ ਦੀ ਉਮਰ 19 ਸਾਲ ਹੈ। ਚਾਰ ਟੀਨੇਜ਼ਰਜ਼ ਦੀ ਉਮਰ 17, 16 ਅਤੇ 15 ਸਾਲ ਹੈ, ਜਿਨ੍ਹਾਂ ਦੀ ਯੁਵਾ ਆਪਰਾਧਿਕ ਨਿਆਂ ਐਕਟ ਤਹਿਤ ਪਹਿਚਾਣ ਨਹੀਂ ਦੱਸੀ ਜਾ ਸਕਦੀ।
ਹਿਰਾਸਤ ਵਿੱਚ ਲਏ ਗਏ ਛੇ ਮੁਲਜ਼ਮਾਂ ਤੋਂ ਇਲਾਵਾ, ਜਾਂਚਕਰਤਾ ਛੇ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੇ ਹਨ। ਪੁਲਿਸ ਨੇ ਕਿਹਾ ਕਿ ਉਨ੍ਹਾਂ ਵਿਚੋਂ ਚਾਰ ਸਿੱਧੇ ਤੌਰ `ਤੇ ਲੁੱਟ ਵਿੱਚ ਸ਼ਾਮਿਲ ਸਨ ਅਤੇ ਦੋ ਭੱਜਣ ਵਾਲੇ ਡਰਾਈਵਰ ਦੇ ਰੂਪ ਵਿੱਚ ਕੰਮ ਕਰ ਰਹੇ ਸਨ।