ਟੋਰਾਂਟੋ, 17 ਦਸੰਬਰ (ਪੋਸਟ ਬਿਊਰੋ): ਟੋਰਾਂਟੋ ਪੁਲਿਸ ਛੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ, ਜੋ ਫੇਅਰਵਿਊ ਮਾਲ ਵਿੱਚ ਜਵੇਲਰੀ ਸਟੋਰ ਵਿੱਚ ਲੁੱਟ ਦੇ ਸਿਲਸਿਲੇ ਵਿੱਚ ਲੋੜੀਂਦੇ ਹਨ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ ਕਰੀਬ 1:15 ਵਜੇ ਨਾਰਥ ਯਾਰਕ ਵਿੱਚ ਸ਼ੇਪਰਡ ਏਵੇਨਿਊ ਅਤੇ ਡਾਨ ਮਿਲਜ਼ ਰੋਡ ਕੋਲ ਸ਼ਾਪਿੰਗ ਸੈਂਟਰ ਵਿੱਚ ਲੁੱਟ ਦੀ ਸੂਚਨਾ ਮਿਲੀ ਸੀ।
ਟੋਰਾਂਟੋ ਪੁਲਿਸ ਸਰਵਿਸ ਨੇ ਕਿਹਾ ਕਿ ਮਾਸਕ ਅਤੇ ਦਸਤਾਨੇ ਪਹਿਨੇ ਛੇ ਪੁਰਸ਼ ਜਵੈਲਰੀ ਸਟੋਰ ਵਿੱਚ ਆਏ ਅਤੇ ਹਥੌੀੜਆਂ ਨਾਲ ਸਟੋਰ ਦੇ ਸ਼ੀਸ਼ੇ ਤੋੜ ਦਿੱਤੇ।
ਇਸਤੋਂ ਬਾਅਦ ਉਨ੍ਹਾਂ ਨੇ ਕਥਿਤ ਤੌਰ `ਤੇ ਡਿਸਪਲੇ ਕੈਬਨਿਟ ਨੂੰ ਤੋੜ ਦਿੱਤਾ ਅਤੇ ਮਾਲ ਵਿਚੋਂ ਬਾਹਰ ਨਿਕਲਣ ਤੋਂ ਪਹਿਲਾਂ ਵੱਡੀ ਮਾਤਰਾ ਵਿੱਚ ਗਹਿਣੇ ਕੱਢ ਲਏ ਅਤੇ ਇੱਕ ਵਾਹਨ ਵਿੱਚ ਫਰਾਰ ਹੋ ਗਏ।
ਪੁਲਿਸ ਨੇ ਕਿਹਾ ਕਿ ਮਾਲ ਵਿਚੋਂ ਬਾਹਰ ਨਿਕਲਦੇ ਸਮੇਂ, ਵਾਹਨ ਦਾ ਚਾਲਕ ਇੱਕ ਟੱਕਰ ਵਿੱਚ ਸ਼ਾਮਿਲ ਸੀ। ਉਸ ਦੁਰਘਟਨਾ ਵਿੱਚ ਇੱਕ ਖੰਭਾ ਡਿੱਗ ਗਿਆ ਅਤੇ ਦੂਜੇ ਵਾਹਨ ਦਾ ਚਾਲਕ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਸੀ।
ਇਸ ਵਾਹਨ ਵਿਚ ਮੌਜੂਦ ਮੁਲਜ਼ਮ ਭੱਜ ਗਏ ਅਤੇ ਇੱਕ ਹੋਰ ਦੂਜੇ ਵਾਹਨ ਵਿੱਚ ਸਵਾਰ ਹੋ ਗਏ। ਉਹ ਵਾਹਨ ਇਲਾਕੇ ਤੋਂ ਗਾਇਬ ਹੋ ਗਿਆ ਸੀ ਪਰ ਬਾਅਦ ਵਿੱਚ ਯਾਰਕ ਰੀਜਨਲ ਪੁਲਿਸ ਦੀ ਮਦਦ ਨਾਲ ਉਸਨੂੰ ਲੱਭ ਲਿਆ ਗਿਆ ਸੀ।