ਨਵੀਂ ਦਿੱਲੀ, 24 ਨਵੰਬਰ (ਪੋਸਟ ਬਿਊਰੋ): ਕਾਸ਼ੀ ਵਿਸ਼ਵਨਾਥ-ਗਿਆਨਵਾਪੀ ਮਸਜਿਦ ਮਾਮਲੇ `ਚ ਸੁਪਰੀਮ ਕੋਰਟ ਨੇ ਭਾਰਤੀ ਪੁਰਾਤੱਤਵ ਸਰਵੇਖਣ ਅਤੇ ਮਸਜਿਦ ਪ੍ਰਬੰਧਨ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਦੋ ਹਫ਼ਤਿਆਂ `ਚ ਜਵਾਬ ਮੰਗਿਆ ਹੈ।
ਸੁਪਰੀਮ ਕੋਰਟ ਨੇ ਇਹ ਹੁਕਮ ਹਿੰਦੂ ਪਟੀਸ਼ਨਰਾਂ ਦੀ ਪਟੀਸ਼ਨ `ਤੇ ਦਿੱਤਾ ਹੈ। ਉਨ੍ਹਾਂ ਨੇ ਏ.ਐੱਸ.ਆਈ ਤੋਂ ਗਿਆਨਵਾਪੀ ਮਸਜਿਦ ਦੇ ‘ਵਜੂਖਾਨਾ’ ਖੇਤਰ ਦਾ ਸਰਵੇ ਕਰਨ ਦੀ ਮੰਗ ਕੀਤੀ ਹੈ। ਹਿੰਦੂ ਪੱਖ ਦਾ ਕਹਿਣਾ ਹੈ ਕਿ ਗਿਆਨਵਾਪੀ ਮਸਜਿਦ ਕੰਪਲੈਕਸ `ਚ ਵੀਡੀਓਗ੍ਰਾਫੀ ਸਰਵੇਖਣ ਦੌਰਾਨ ਇੱਕ ਸਿ਼ਵਲਿੰਗ ਮਿਲਿਆ ਸੀ।
ਇਸ ਮਾਮਲੇ `ਤੇ ਵਕੀਲ ਵਰੁਣ ਕੁਮਾਰ ਸਿਨਹਾ ਦਾ ਕਹਿਣਾ ਹੈ ਕਿ ਗਿਆਨਵਾਪੀ ਮਾਮਲਾ ਸੁਪਰੀਮ ਕੋਰਟ `ਚ ਸੂਚੀਬੱਧ ਸੀ। ਇੱਕ ਅਰਜ਼ੀ ਦਾਇਰ ਕੀਤੀ ਗਈ ਸੀ ਕਿ ਵਾਰਾਣਸੀ ਜਿ਼ਲ੍ਹਾ ਅਦਾਲਤ ਦੇ ਸਾਰੇ ਮੁਕੱਦਮੇ ਹਾਈਕੋਰਟ `ਚ ਤਬਦੀਲ ਕੀਤੇ ਜਾਣ ਅਤੇ ਇਕਸਾਰ ਕੀਤੇ ਜਾਣ, ਤਾਂ ਜੋ ਸਾਰੇ ਮੁਕੱਦਮੇ ਇੱਕੋ ਅਦਾਲਤ ‘ਚ ਚੱਲ ਸਕਣ।
ਇਸਦੇ ਨਾਲ ਹੀ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ 19 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਗਿਆਨਵਾਪੀ ਨਾਲ ਸਬੰਧਤ ਸਾਰੀਆਂ ਪਟੀਸ਼ਨਾਂ ਨੂੰ ਸੂਚੀਬੱਧ ਕੀਤਾ ਜਾਵੇਗਾ ਅਤੇ ਸੁਣਵਾਈ ਸ਼ੁਰੂ ਕਰਨ ਦੀ ਤਾਰੀਖ਼ ਤੈਅ ਕੀਤੀ ਜਾਵੇਗੀ।
ਹਿੰਦੂ ਪੱਖ ਨੇ 16 ਮਈ, 2022 ਨੂੰ ਦਾਅਵਾ ਕੀਤਾ ਸੀ ਕਿ ਅਖੌਤੀ ‘ਵਜੂਖਾਨਾ’ ਖੇਤਰ ‘ਚ ਇੱਕ ਸਿ਼ਵਲਿੰਗ ਮਿਲਿਆ ਸੀ। ਅੰਜੁਮਨ ਪ੍ਰਸ਼ਾਸਨ ਇਸ ਨੂੰ ਰੱਦ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਇੱਕ ਫੁਹਾਰਾ ਹੈ। ਵਕੀਲ ਵਰੁਣ ਕੁਮਾਰ ਨੇ ਕਿਹਾ ਕਿ ਅਸੀਂ ਇਸ ਖੇਤਰ ਦੀ ਏਐੱਸਆਈ ਜਾਂਚ ਦੀ ਮੰਗ ਕੀਤੀ ਸੀ ਅਤੇ ਅਸੀਂ ਸੁਪਰੀਮ ਕੋਰਟ `ਚ ਅੰਤਰਿਮ ਅਰਜ਼ੀ ਦਾਇਰ ਕੀਤੀ ਸੀ। ਜਿਸ `ਤੇ ਸੁਪਰੀਮ ਕੋਰਟ ਨੇ ਅੱਜ ਅੰਜੁਮਨ ਇੰਤਜਾਮੀਆ ਨੂੰ ਨੋਟਿਸ ਜਾਰੀ ਕਰਕੇ ਦੋ ਹਫ਼ਤਿਆਂ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ।